ਬੇਨਿਯਮੀਆਂ ਦੂਰ ਕੀਤੇ ਬਿਨ੍ਹਾ ਜੇ ਪੁੱਡਾ ਅਧਿਕਾਰੀਆਂ ਨੇ ਟੀ.ਡੀ.ਆਈ ਬਿਲਡਰ ਦਾ ਨਕਸ਼ਾ ਪਾਸ ਕੀਤਾ ਤਾਂ ਦਫਤਰ ਅੱਗੇ ਲੱਗੇਗਾ ਪੱਕਾ ਧਰਨਾ: ਐਸੋਸੀਏਸ਼ਨ

ਪੰਜਾਬ

ਮੋਹਾਲੀ: 25 ਅਕਤੂਬਰ, ਦੇਸ਼ ਕਲਿੱਕ ਬਿਓਰੋ    

ਰੈਜੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ 110, ਮੋਹਾਲੀ ਦੀ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਹੋਈ, ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜੇਕਰ ਟੀ.ਡੀ.ਆਈ ਬਿਲਡਰ ਦਾ ਪੁੱਡਾ ਦੇ ਦਫਤਰ ਵਿੱਚ ਵਿਚਾਰ ਅਧੀਨ ਲੇਅ-ਆਊਟ ਪਲਾਨ, ਬਿਲਡਰ ਅਤੇ ਪੁੱਡਾ/ਗਮਾਡਾ ਵੱਲੋਂ ਮਿਲ ਕੇ ਕੀਤੀਆਂ ਬੇਨਿਯਮੀਆਂ ਨੂੰ ਦੂਰ ਕੀਤੇ ਬਿਨ੍ਹਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁੱਡਾ ਦੇ ਦਫਤਰ ਅੱਗੇ ਪੱਕਾ ਧਰਨ ਲਾਇਆ ਜਾਵੇਗਾ ਅਤੇ ਸਬੰਧਿਤ ਪੁੱਡਾ/ਗਮਾਡਾ ਦੇ ਅਧਿਕਾਰੀਆਂ ਦੇ ਇੱਕ ਇੱਕ ਕਰਕੇ ਪੁਤਲੇ ਫੂਕੇ ਜਾਣਗੇ। ਜੇਕਰ ਮਸਲਾ ਫੇਰ ਵੀ ਹੱਲ ਨਾ ਹੋਇਆ ਤਾਂ ਸਬੰਧਿਤ ਉੱਚ ਅਧਿਕਾਰੀਆਂ ਦਾ ਘਰਾਂ ਅੱਗੇ ਧਰਨੇ ਦੇਣ ਤੋਂ ਵੀ ਗੁਰੇਜ਼ ਨਹੀ ਕੀਤਾ ਜਾਵੇਗਾ। ਸੋਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੁੱਡਾ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਟੀ.ਡੀ.ਆਈ ਬਿਲਡਰ ਨਾਲ ਮਿਲ ਕੇ ਬੇਨਿਯਮੀਆਂ ਦੇ ਨਾਲ-ਨਾਲ ਜਾਅਲਸ਼ਾਜੀ ਵੀ ਕਰਦੇ ਆ ਰਹੇ ਹਨ, ਜਿਸ ਸਬੰਧੀ ਸੋਸਾਇਟੀ ਵੱਲੋਂ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਸਮੇਂ ਸਿਰ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਉੱਚ ਅਧਿਕਾਰੀ ਪਲਾਨ ਪਾਸ ਕਰਨ ਲਈ ਬਜਿੱਦ ਹਨ ਜਦਕਿ ਇਨ੍ਹਾਂ ਸੈਕਟਰਾਂ ਵਿੱਚ ਇਸ ਬਿਲਡਰ ਦੀ ਇਹ ਅਖੀਰਲੀ ਸਾਈਟ ਹੈ।

          ਸੋਸਾਇਟੀ ਦੇ ਆਗੂਆਂ ਨੂੰ ਸੰਕਾਂ ਹੈ ਕਿ ਇਸ ਸਾਈਟ ਦਾ ਨਕਸ਼ਾ ਪਾਸ ਹੋਣ ਤੇ ਇਹ ਬਿਲਡਰ ਬੇਨਿਯਮੀਆਂ ਦੂਰ ਕੀਤੇ ਬਿਨ੍ਹਾ ਹੀ ਰਫੂ ਚੱਕਰ ਹੋ ਸਕਦਾ ਹੈ। ਇਸ ਲਈ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਬੇਨਿਯਮੀਆਂ ਦੂਰ ਕਰਵਾਉਣੀਆਂ ਬਹੁਤ ਜਰੂਰੀ ਹਨ। ਇਨ੍ਹਾ ਬੇਨਿਯਮੀਆਂ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਹਾਊਸਿੰਗ ਸਕੱਤਰ ਪੰਜਾਬ ਨੂੰ ਚਿੱਠੀਆਂ ਲਿਖ ਕੇ ਜਾਣੂ ਕਰਵਾਇਆ ਗਿਆ ਹੈ ਪਰ ਫੇਰ ਵੀ ਬੇਨਿਯਮੀਆਂ ਦੂਰ ਕਰਵਾਉਣ ਲਈ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ। ਇਸ ਤੋਂ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਅਫਸਰਾਂ ਤੇ ਕੋਈ ਕੰਟਰੋਲ ਹੀ ਨਹੀ ਹੈ। ਆਗੂਆਂ ਨੇ ਦੱਸਿਆ ਕਿ ਪੁੱਡਾ/ਗਮਾਡਾ ਦੇ ਅਧਿਕਾਰੀਆਂ ਵੱਲੋਂ ਸਕੂਲ ਦੀ ਸਾਈਟ ਮੈਗਾ ਪ੍ਰਜੈਕਟ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰਕੇ ਘੱਟ ਜਗ੍ਹਾ ਵਿੱਚ ਹੀ ਪਾਸ ਕਰ ਦਿੱਤੀ ਗਈ ਹੈ ਜਦਕਿ ਇਸ ਏਰੀਏ ਦੇ ਉੱਪਰ ਦੀ 66 ਖੜਅ ਲਾਈਨ ਵੀ ਲੰਘਦੀ ਹੈ।

          ਸਾਲ 2014 ਦੇ ਨਕਸ਼ੇ ਵਿੱਚ ਟੈਪਰਿੰਗ ਕਰਕੇ ਸਾਲ 2015 ਵਿੱਚ ਬਿਲਡਰ ਨੂੰ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਦਿੱਤਾ ਗਿਆ ਹੈ। ਕਮਿਊਨਿਟੀ ਸੈਂਟਰ ਲਈ ਕੋਈ ਵੀ ਜਗ੍ਹਾ ਰਾਖਵੀ ਨਹੀ ਰੱਖੀ ਗਈ, ਪਹਿਲਾਂ ਰੱਖੀ ਰਾਖਵੀ ਜਗ੍ਹਾ ਵਿੱਚ ਕਮਰਸ਼ੀਅਲ ਕਲੱਬ ਦੀ ਉਸਾਰੀ ਕਰ ਦਿੱਤੀ ਗਈ ਹੈ। ਸਾਲ 2022 ਵਿੱਚ ਪੁੱਡਾ ਦੇ ਅਧਿਕਾਰੀਆਂ ਵੱਲੋਂ ਸੈਕਟਰ 110 ਵਿੱਚ ਰੈਵੀਨਿਊ ਰਸਤੇ ਵਿੱਚ ਹੀ ਸੜਕ ਦਾ ਨਕਸ਼ਾ ਪਾਸ ਕਰ ਦਿੱਤਾ ਗਿਆ। ਇਹ ਸੜਕ ਬਣਾਏ ਤੋਂ ਬਿਨ੍ਹਾ ਹੀ ਇਸ ਦੇ ਨਾਲ-ਨਾਲ ਲੋਕਾਂ ਨੂੰ ਪਲਾਟਾਂ ਦੇ ਕਬਜ਼ੇ ਦੇ ਕੇ ਉਨ੍ਹਾ ਦੇ ਬਿਲਡਿੰਗ ਪਲਾਨ ਦੇ ਨਕਸ਼ੇ ਵੀ ਗਮਾਡਾ ਵੱਲੋਂ ਪਾਸ ਕਰ ਦਿੱਤੇ ਗਏ ਹਨ ਜਦਕਿ ਬਿਲਡਰ ਕੋਲ ਇਸ ਏਰੀਏ ਦਾ ਪਾਰਸ਼ੀਅਲ ਕੰਪਲੀਸ਼ਨ ਹੀ ਨਹੀ ਹੈ। ਇਸੇ ਤਰ੍ਹਾ ਬਿਨ੍ਹਾ ਸੜਕ ਬਣਾਇਆ ਹੀ ਪਲਾਟ ਨੰਬਰ 1432 ਤੋਂ 1439 ਤੱਕ ਦੇ  ਗਮਾਡਾ ਵੱਲੋਂ ਬਿਲਡਿੰਗ ਪਲਾਨ ਦੇ ਨਕਸ਼ੇ ਵੀ ਪਾਸ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਸੜਕ ਦਾ ਲੈਵਲ ਬਣੇ ਬਿਨ੍ਹਾ ਹੀ ਕੋਠੀਆਂ ਦੀ ਡੀ.ਪੀ.ਸੀ ਵੀ ਪਾਸ ਕੀਤੀ ਜਾ ਰਹੀ ਹੈ। ਸੈਕਟਰ 111 ਵਿੱਚ ਲੰਘਦੇ ਲਖਨੌਰ ਚੋਅ ਦੇ ਆਲੇ-ਦੁਆਲੇ 50 ਮੀਟਰ ਦਾ ਬਫਰ-ਜੋਨ ਵੀ ਨਹੀ ਛੱਡਿਆ ਗਿਆ ਜੋ ਕਿ ਡਰੇਨੇਜ਼ ਅਤੇ ਸਿੰਚਾਈ ਵਿਭਾਗ ਦੀਆਂ ਹਦਾਇਤਾਂ ਤੋਂ ਉਲਟ ਹੈ। ਇੱਥੇ ਹੀ ਬੱਸ ਨਹੀ ਪੁੱਡਾ ਦੇ ਅਧਿਕਾਰੀਆਂ ਵੱਲੋਂ ਬਿਨ੍ਹਾ ਪੁਲ ਬਣਵਾਏ ਚੋਅ ਤੋਂ ਪਾਰ ਦੇ ਇਲਾਕੇ ਦਾ ਲੇਅ-ਆਊਟ ਪਲਾਨ ਵੀ ਪਾਸ ਕੀਤਾ ਗਿਆ ਹੈ।ਜੋ ਆਰਜੀ ਪੁੱਲ ਬਣਾਇਆ ਗਿਆ ਉਹ ਡਰੇਨੇਜ਼ ਅਤੇ ਸਿੰਚਾਈ ਵਿਭਾਗ ਦੀਆਂ ਹਦਾਇਤਾਂ ਦੇ ਉਲਟ ਹੈ। ਇਸ ਸਬੰਧੀ ਇਸ ਵਿਭਾਗ ਨੇ ਬਿਲਡਰ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ ਵੀ ਕੀਤੇ ਹੋਏ ਹਨ ਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਜਾ ਰਹੀ।

          ਰੈਜੀਡੈਂਸ ਵੈਲਫੇਅਰ ਸੋਸਾਇਟੀ ਦੇ ਆਗੂਆਂ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਬਿਲਡਰ ਜਿੰਨੀ ਦੇਰ ਇਨ੍ਹਾਂ ਸੈਕਟਰਾਂ ਦੀਆਂ ਬੇਨਿਯਮੀਆਂ ਦੂਰ ਨਹੀ ਕਰਦਾ, ਉਨ੍ਹੀ ਦੇਰੀ ਇਸ ਬਿਲਡਰ ਦਾ ਵਿਚਾਰ ਅਧੀਨ ਪਿਆ ਨਕਸ਼ਾ ਪਾਸ ਨਾ ਕੀਤਾ ਜਾਵੇ। ਬੇਨਿਯਮੀਆਂ ਕਰਨ ਵਿੱਚ ਸ਼ਾਮਿਲ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ।

          ਇਸ ਮੌਕੇ ਐਮ.ਐਲ ਸ਼ਰਮਾ, ਏ.ਐਸ ਸ਼ੇਖੋ, ਅਸ਼ੋਕ ਡੋਗਰਾ, ਸੰਜੇਵੀਰ, ਮੋਹਿਤ ਮਦਾਨ, ਜਸਵੀਰ ਸਿੰਘ ਗੜਾਂਗ, ਨੀਰੂ ਬਾਲਾ, ਹਰਮਿੰਦਰ ਸਿੰਘ ਸੋਹੀ, ਗਗਨਦੀਪ ਸਿੰਘ, ਸੁਖਬੀਰ ਸਿੰਘ ਢਿੱਲੋਂ, ਮਾਸਟਰ ਗੁਰਮੁੱਖ ਸਿੰਘ, ਬੀ.ਆਰ ਕ੍ਰਿਸ਼ਨਾ, ਰਘਬੀਰ ਸਿੰਘ, ਗੁਰਬਚਨ ਸਿੰਘ ਮੰਡੇਰ, ਆਸ਼ੂ ਕੈਂਥ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।