ਕਿਸਾਨਾਂ ਉਤੇ ਅੱਥਰੂ ਗੈਸ ਦੇ ਗੋਲੇ ਦਾਗਣਾ ਭਾਜਪਾ ਦੀ ਕਿਸਾਨੀ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ : ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ

ਗੁਰਦਾਸਪੁਰ, 7 ਦਸੰਬਰ, ਦੇਸ਼ ਕਲਿੱਕ ਬਿਓਰੋ :
ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਨੇ ਅੱਜ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲ‌ਈ ਸਾਂਤਮਈ ਤਰੀਕੇ ਨਾਲ ਦਿਲੀ ਜਾ ਰਹੇ ਕਿਸਾਨਾਂ ਉਤੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣਾ ਅਤੇ ਲਾਠੀਚਾਰਜ ਕਰਨਾ ਭਾਜਪਾ ਦੀ ਕਿਸਾਨੀ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ ਹੈ, ਉਹਨਾਂ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਦਿਲੀ ਵਿਖੇ ਹੋਏ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਹੋ‌ਏ ਸਮਝੌਤੇ ਤਹਿਤ ਲਿਖਤ ਵਿੱਚ ਕਿਸਾਨਾਂ ਦੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਅਤੇ ਕਿਸਾਨੀ ਕਰਜੇ ਮਾਫ ਕਰਨ ਤੇ ਸਹਿਮਤੀ ਬਣੀ ਸੀ ਤੇ ਭਾਜਪਾ ਸਰਕਾਰ ਨੂੰ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਅੰਦੋਲਨ ਅੱਗੇ ਝੁਕ ਕੇ ਵਾਪਸ ਲੈਣੇ ਪ‌ਏ ਸਨ, ਪਰ ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸੰਸਦ ਦੇ ਚੱਲ ਰਹੇ ਸੈਂਸਨ ਦੌਰਾਨ ਆਪਣੇ ਮੈਂਬਰ ਪਾਰਲੀਮੈਂਟ ਸਾਥੀਆਂ ਨਾਲ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਨੂੰ ਜ਼ੋਰ ਸੋਰ ਨਾਲ ਉਠਾਉਣਗੇ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦਿਵਾਉਣ ਤੱਕ ਚੈਨ ਨਾਲ ਨਹੀਂ ਬੈਠਣਗੇ। ਉਹਨਾਂ ਪੰਜਾਬ ਵਿੱਚ ਰਾਜ ਕਰ ਰਹੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਭਾਜਪਾ ਨਾਲ ਮਿਲੀ ਭੁਗਤ ਕਰਕੇ ਹੀ ਕਿਸਾਨਾਂ ਤੇ ਜੁਲਮ ਢਾਹੇ ਜਾ ਰਹੇ ਹਨ ਕਾਂਗਰਸ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀਆਂ ਮੰਗਾਂ ਨੂੰ ਮਨਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ। ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹਵਾਲੇ ਨਾਲ ਉਹਨਾਂ ਦੇ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।