ਪਿੰਡ ‘ਚ ਗੈਰ ਕਾਨੂੰਨੀ ਟੋਲ ਪਲਾਜ਼ਾ ਚਲਾਉਣ ‘ਤੇ ਸਰਪੰਚ ਸਮੇਤ ਤਿੰਨ ‘ਤੇ ਮਾਮਲਾ ਦਰਜ

ਪੰਜਾਬ

ਗੈਰ ਕਾਨੂੰਨੀ ਟੋਲ ਪਲਾਜ਼ਾ ਚਲਾਉਣ ‘ਤੇ ਸਰਪੰਚ ਸਮੇਤ ਤਿੰਨ ‘ਤੇ ਮਾਮਲਾ ਦਰਜ

ਪਟਿਆਲਾ: 17 ਜਨਵਰੀ, ਦੇਸ਼ ਕਲਿੱਕ ਬਿਓਰੋ

ਪਟਿਆਲਾ ਦੇ ਪਿੰਡ ਮਾੜੂ ਵਿੱਚ ਰਾਹਗੀਰਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਪੈਸੇ ਵਸੂਲਣ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਥਾਣਾ ਜੁਲਕਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਮਾੜੂ ਪੁਲ ‘ਤੇ ਕੁਝ ਵਿਅਕਤੀਆਂ ਵੱਲੋਂ ਲੰਘਦੇ ਵਾਹਨਾਂ ਤੋਂ ਪ੍ਰਤੀ ਵਾਹਨ ਸੌ ਰੁਪਏ ਤੋਂ ਹਜ਼ਾਰ ਰੁਪਏ ਵਸੂਲੇ ਜਾਣ ਦਾ ਹੈ।

ਸ਼ੰਭੂ ਬਾਰਡਰ ਦੇ ਕਿਸਾਨਾਂ ਦੇ ਧਰਨੇ ਕਰਕੇ ਹਰਿਆਣਾ ਪੁਲਿਸ ਵੱਲੋਂ ਲਾਂਘੇ ਨੂੰ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਪੰਜਾਬ ਤੋਂ ਹਰਿਆਣਾ ਆਉਣ- ਜਾਣ ਵਾਲੇ ਲੋਕਾਂ ਨੂੰ ਪਿੰਡਾਂ ਦੇ ਰਸਤਿਆਂ ਵਿਚੋਂ ਲੰਘਣਾ ਪੈ ਰਿਹਾ ਹੈ। ਅੰਬਾਲਾ ਤੋਂ ਘਨੌਰ ਦੇ ਪਿੰਡਾਂ ਵਿਚੋਂ ਹੁੰਦੇ ਹੋਏ ਲੋਕ ਪਟਿਆਲਾ ਪੁੱਜਦੇ ਹਨ, ਜਿਸਦੇ ਰਾਹ ਵਿਚ ਹਲਕਾ ਸਨੌਰ ਦਾ ਪਿੰਡਾਂ ਮਾੜੂ ਵੀ ਆਉਂਦਾ ਹੈ। ਇਸ ਪਿੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਰਾਹਗੀਰਾਂ ਤੋਂ ਟੈਕਸ ਵਸੂਲੀ ਕੀਤੀ ਜਾ ਰਹੀ ਸੀ। ਜਿਸ ਦੀ ਕਿਸੇ ਰਾਹਗੀਰ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਮਾੜੂ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਇਥੋਂ ਆਉਣ ਤੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਵਸੂਲੀ ਕੀਤੀ ਜਾਂਦੀ ਸੀ ਤੇ ਇਸਨੂੰ ਪਿੰਡ ਦਾ ਟੋਲ ਟੈਕਸ ਦਾ ਹਵਾਲਾ ਦਿੰਦਿਆਂ ਸੜਕ ਦੀ ਮੁਰੰਮਤ ਕਰਵਾਉਣ ਦਾ ਦਾਅਵਾ ਕੀਤਾ ਜਾਂਦਾ ਸੀ।

ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਜੁਲਕਾਂ ਦੇ ਏਐਸਆਈ ਅੰਗਰੇਜ ਸਿੰਘ ਨੂੰ ਸੂਚਨਾ ਮਿਲੀ ਕਿ ਬਲਜਿੰਦਰ ਸਿੰਘ ਮੱਖੂ, ਹਰਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਤੇ ਉਸਦੇ ਸਾਥੀ ਆਪਣੇ ਵਲੋਂ ਜਾਅਲੀ ਪਰਚੀਆਂ ਤਿਆਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਬਰਨ ਵਸੂਲੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।