Accident

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਲਾਲਜੀਤ ਭੁੱਲਰ

ਪੰਜਾਬ

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਲਾਲਜੀਤ ਭੁੱਲਰ

ਵਧੀ ਹੋਈ ਤਨਖਾਹ ਨਾਲ ਖਿੜੇ 1148 ਪੀ.ਆਰ.ਟੀ.ਸੀ. ਮੁਲਾਜ਼ਮਾਂ ਦੇ ਚਿਹਰੇ

ਪਟਿਆਲਾ/ਚੰਡੀਗੜ੍ਹ, 19 ਜਨਵਰੀ, ਦੇਸ਼ ਕਲਿੱਕ ਬਿਓਰੋ

  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ , ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਤੇ ਵਿਸ਼ੇਸ਼ ਸਹਿਯੋਗ ਅਤੇ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੇ ਸੁਹਿਰਦ ਯਤਨਾਂ ਸਦਕਾ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਵਿਭਾਗ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਕੰਮ ਕਰਨ ਵਾਲੇ 1148 ਮੁਲਾਜਮਾਂ ਦੀ ਤਨਖਾਹ ਵਿੱਚ 2500 ਰੁਪਏ ਸਮੇਤ 10 ਪ੍ਰਤੀਸ਼ਤ ਦਾ ਹੋਰ ਵਾਧਾ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹੋਈ। ਇਸ ਮੌਕੇ ਉਨਾਂ ਨਾਲ ਵਿਸ਼ੇਸ਼ ਤੌਰ ਤੇ ਐਡੀਸ਼ਨਲ ਚੀਫ਼ ਸੈਕਟਰੀ ਟਰਾਂਸਪੋਰਟ ਡੀ.ਕੇ. ਤਿਵਾੜੀ, ਐਮ.ਡੀ. ਬਿਕਰਮਜੀਤ ਸਿੰਘ ਸ਼ੇਰਗਿੱਲ, ਜੀ.ਐਮ. ਮਨਿੰਦਰਜੀਤ ਸਿੰਘ ਸਿੱਧੂ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਮੀਟਿੰਗ ਦੌਰਾਨ ਖਾਸ ਤੌਰ ਤੇ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਥਨ ਹੈ, ‘‘ਮੁਲਕ ਤਰੱਕੀ ਉਦੋਂ ਤਰੱਕੀ ਕਰਦਾ ਹੈ ਜਦੋਂ ਉੱਥੇ ਰਹਿਣ ਵਾਲੇ ਲੋਕ ਖ਼ੁਸ਼ਹਾਲ ਹੋਣ’। ਇਸੇ ਸੋਚ ਨਾਲ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਵੇਲ਼ੇ ਨਿਵੇਕਲੀਆਂ ਪਹਿਲਕਦਮੀਆਂ ਕਰਨ ਲਈ ਸਰਗਰਮ ਹੈ।

ਲਾਲਜੀਤ ਭੁੱਲਰ ਨੇ ਕਿਹਾ ਕਿ ਤਨਖਾਹ ਵਾਧੇ ਸਬੰਧੀ ਇੱਕ ਪ੍ਰਸਤਾਵ ਡਾਇਰੈਕਟਰ ਬੋਰਡ ਦੀ ਮੀਟਿੰਗ ਵਿੱਚ ਲਿਆਂਦਾ ਗਿਆ ਸੀ। ਜਿਸਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਹੁਕਮ ਦੀ ਇੱਕ ਕਾਪੀ ਸੱਤ ਵਿਭਾਗਾਂ ਨੂੰ ਜਾਰੀ ਕੀਤੀ ਗਈ ਹੈ। ਇਸ ਦੌਰਾਨ, ਕਰਮਚਾਰੀਆਂ ਨੂੰ ਸੇਵਾ ਨਿਯਮਾਂ ਤਹਿਤ ਰੈਗੂਲਰ ਕਰਨ ਲਈ ਨੀਤੀ ਬਣਾਉਣ ’ਤੇ ਵੀ ਸਹਿਮਤੀ ਬਣੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਫਾਈਲ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਭੇਜੀ ਜਾਵੇਗੀ। ਉਨਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਜਲਦ ਹੀ ਹੋਰ ਸੀਨੀਅਰ ਅਧਿਕਾਰੀਆਂ ਅਤੇ ਯੂਨੀਅਨ ਨਾਲ ਨਿਯਮਾਂ ਅਨੁਸਾਰ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ ਅਤੇ ਨਵੀਂ ਨੀਤੀ ’ਤੇ ਸਹਿਮਤੀ ਬਣਾਈ ਜਾਵੇਗੀ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੀ.ਆਰ.ਟੀ.ਸੀ. ਵਿੱਚ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਤਹਿਤ ਨੌੋਕਰੀ ਕਰਦੇ ਸਮੂਹ ਠੇਕਾ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਸਬੰਧੀ ਕੰਟਰੈਕਟ ਪੀ.ਆਰ.ਟੀ.ਸੀ. ਵਰਕਰ ਯੂਨੀਅਨ ਆਜ਼ਾਦ ਰਜਿ: 31/07 ਦੀ,  ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੱਥੇਬੰਦੀ ਦੀ ਪਹਿਲੀ ਮੰਗ ਤਨਖਾਹਾਂ ਵਿੱਚ ਇਕਸਾਰਤਾ ਕਰਨ ਦੀ ਗੱਲ ’ਤੇ ਬੂਰ ਪਿਆ । ਇਸ ਦੇ ਨਾਲ ਹੀ ਬਾਕੀ ਦੀਆ ਮੰਗਾਂ ਜਿਵੇਂ ਕਾਰਪੋਰੇਸ਼ਨ ਵਿੱਚ ਨਵੀਆਂ ਬੱਸਾਂ ਪਾਕੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਅਤੇ ਇੰਤਜ਼ਾਰ ਸੂਚੀ ਵਿੱਚੋਂ ਕਰਮਚਾਰੀਆਂ ਨੂੰ ਬਾਹਰ ਕੱਢ ਕੇ ਡਿਊਟੀਆਂ ਲੈਣਾ ਅਤੇ ਐਡਵਾਂਸ ਬੁਕਰਾਂ ਦੇ ਕਮਿਸ਼ਨ ਵਿੱਚ ਵਾਧਾ ਕਰਨ ਸਮੇਤ ਹੋਰ ਅਹਿਮ ਮੰਗਾਂ ਨੂੰ ਵੀ ਜਲਦੀ ਵਿਚਾਰ ਕੇ ਹੱਲ ਕਰਨ ਬਾਰੇ ਵਿਚਾਰ ਚਰਚਾ ਹੋਈ। ਇਸ ਮੌਕੇ ਉਨਾਂ ਸਮੂਹ ਠੇਕਾ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦੀ ਕੋਈ ਗੈਰਕਾਨੂੰਨੀ ਗਤਿਵਿਧੀ ਦਾ ਹਿੱਸਾ ਨਾ ਬਣਕੇ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ।  

ਇਸੇ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਗੱਲਬਾਤ ਕਰਦਿਆ ਕਿਹਾ ਕਿ ਪੀ.ਆਰ.ਟੀ.ਸੀ ਵੱਲੋ ਪੰਜਾਬ ਰੋਡਵੇਜ ਦੀ ਤਰਜ਼ ‘ਤੇ ਡਰਾਈਵਰਾਂ ਦੀਆਂ ਉਜਰਤਾਂ ਵਿੱਚ 2500 ਰੁਪਏ ਅਤੇ ਇਸੇ ਅਨੁਪਾਤ ਵਿੱਚ ਬਾਕੀ ਕਰਮਚਾਰੀਆਂ ਦੀ ਉਜਰਤਾਂ ਵਿੱਚ ਵਾਧਾ ਕਰਦੇ ਹੋਏ 30 ਫੀਸਦੀ ਦਾ ਵਾਧਾ ਦਿੱਤਾ ਗਿਆ ਸੀ। 15 ਸਤੰਬਰ 2021 ਤੋਂ ਬਾਅਦ ਨਿਯੁਕਤ ਕੀਤੇ ਗਏ ਅਜਿਹੇ ਕਰਮਚਾਰੀਆਂ ਨੂੰ ਕੇਵਲ ਘੱਟੋ ਘੱਟ ਉਜਰਤਾਂ ਹੀ ਦਿੱਤੀਆਂ ਜਾ ਰਹੀਆਂ ਸਨ। ਇਸ ਲਈ ਉਜਰਤਾਂ ਵਿੱਚ ਪਾਈ ਜਾ ਰਹੀ ਇਸ ਅਸਮਾਨਤਾ ਨੂੰ ਦੂਰ ਕਰਨ ਲਈ ਪੀ.ਆਰ.ਟੀ.ਸੀ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਫੈਸਲਾ ਲਿਆ ਹੈ ਕਿ ਮਿਤੀ 15 ਸਤੰਬਰ 2021 ਤੋਂ ਬਾਅਦ ਬਾਹਰੀ ਸੰਸਥਾ ਕੰਟਰੈਕਟ ਆਧਾਰ ’ਤੇ ਲਏ ਗਏ ਕਰਮਚਾਰੀ, ਜੋ ਕਿ ਇੱਕ ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਨ, ਦੀਆਂ ਉਜਰਤਾਂ ਵਿੱਚ 2500 ਰੁਪਏ ਦਾ ਵਾਧਾ ਦੇਣ ਉਪਰੰਤ 10 ਪ੍ਰਤੀਸ਼ਤ ਦਾ ਹੋਰ ਵਾਧਾ ਕੀਤਾ ਜਾਵੇ। ਉਜਰਤਾਂ ਵਿੱਚ ਦਿੱਤਾ ਜਾਣ ਵਾਲਾ ਇਹ ਵਾਧਾ ਸੰਭਾਵੀ ਹੋਵੇਗਾ ਅਤੇ ਇਸ ਦਾ ਕਿਸੇ ਤਰਾਂ ਕੋਈ ਵੀ ਬਕਾਇਆ ਨਹੀਂ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਪੀ.ਆਰ.ਟੀ.ਸੀ. ਆਜ਼ਾਦ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਸਰਪ੍ਰਸਤ ਗੁਰਧਿਆਨ ਸਿੰਘ ਭਾਨਰਾ, ਗੁਰਪਾਲ ਸਿੰਘ ਸੰਗਰੂਰ, ਖੁਸ਼ਵਿੰਦਰ ਸਿੰਘ ਬੁਢਲਾ ਵੀ ਮੋਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।