ਦਿੜ੍ਹਬਾ ‘ਚ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਬਹੁ ਮੰਤਵੀ ਇਨਡੋਰ ਖੇਡ ਸਟੇਡੀਅਮ : ਹਰਪਾਲ ਸਿੰਘ ਚੀਮਾ

ਪੰਜਾਬ

ਚੰਡੀਗੜ੍ਹ/ਦਿੜ੍ਹਬਾ/ ਸੰਗਰੂਰ, 25 ਜਨਵਰੀ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ ਅਤੇ ਕਰ ਤੇ ਆਬਕਾਰੀ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਵਿਖੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵੱਡੇ ਪੱਧਰ ਤੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਹੋਣਹਾਰ ਖਿਡਾਰੀਆਂ ਦਾ ਨਾਮ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਰ ਵੀ ਚਮਕਾਉਣ ਲਈ ਅੱਜ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਨੀਹ ਪੱਥਰ ਰੱਖ ਦਿੱਤਾ ਗਿਆ ਹੈ।
ਸ਼ਹੀਦ ਬਚਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਖੇ ਹੀ ਬਣਾਏ ਜਾਣ ਵਾਲੇ ਇਸ ਬਹੁਮੰਤਵੀ ਇੰਡੋਰ ਖੇਡ ਸਟੇਡੀਅਮ ਦਾ ਨੀਹ ਪੱਥਰ ਉਹਨਾਂ ਨੇ ਮਹਾਨ ਮੁੱਕੇਬਾਜ ਪਦਮਸ਼੍ਰੀ ਕੌਰ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਰਣਜੀਤ ਕੌਰ ਅਤੇ ਕਬੱਡੀ ਖਿਡਾਰੀ ਸਵਰਗਵਾਸੀ ਗੁਰਮੇਲ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਪਰਮਜੀਤ ਕੌਰ ਦੀ ਮੌਜੂਦਗੀ ਵਿੱਚ ਰੱਖਿਆ। ਉਹਨਾਂ ਕਿਹਾ ਕਿ ਖੇਡ ਪ੍ਰੇਮੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਛੇਤੀ ਹੀ ਪੂਰੀ ਹੋਣ ਜਾ ਰਹੀ ਹੈ ਅਤੇ ਸਾਡੇ ਹੋਣਹਾਰ ਖਿਡਾਰੀ ਕਬੱਡੀ ਅਤੇ ਮੁੱਕੇਬਾਜ਼ੀ ਦੇ ਨਾਲ ਨਾਲ ਵਾਲੀਬਾਲ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਜੂਡੋ, ਜਿਮਨਾਸਟਿਕ, ਰੈਸਲਿੰਗ ਸਮੇਤ 11 ਵੱਖ-ਵੱਖ ਖੇਡਾਂ ਵਿੱਚ ਆਪਣੇ ਖੇਡ ਹੁਨਰ ਨੂੰ ਤਰਾਸ਼ ਕੇ ਭਵਿੱਖ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਦਿੜ੍ਹਬਾ ਦਾ ਨਾਮ ਰੋਸ਼ਨ ਕਰਨਗੇ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਵ. ਕੌਰ ਸਿੰਘ ਅਤੇ ਸਵ. ਗੁਰਮੇਲ ਸਿੰਘ ਨੇ ਗਰੀਬ ਪਰਿਵਾਰਾਂ ਵਿੱਚ ਜਨਮ ਲੈਣ ਦੇ ਬਾਵਜੂਦ ਆਪਣੀ ਹਿੰਮਤ ਸਦਕਾ ਖੇਡਾਂ ਦੇ ਖੇਤਰ ਵਿੱਚ ਜਿਹੜੀਆਂ ਬੁਲੰਦੀਆਂ ਨੂੰ ਹਾਸਲ ਕੀਤਾ, ਉਹ ਬੇਮਿਸਾਲ ਹਨ ਅਤੇ ਇਹਨਾਂ ਦੋਵਾਂ ਹੀ ਖੇਡ ਜਗਤ ਦੇ ਹੀਰਿਆਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਦਿੜ੍ਹਬਾ ਵਿੱਚ ਇਹ ਇੰਨਡੋਰ ਖੇਡ ਸਟੇਡੀਅਮ ਬਣਵਾਇਆ ਜਾ ਰਿਹਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਇਹ ਇੰਨਡੋਰ ਖੇਡ ਸਟੇਡੀਅਮ  ਖਿਡਾਰੀਆਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਦਿੜਬਾ ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਹਨਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਨ ਵਾਲੀਆਂ ਸ਼ਖਸੀਅਤਾਂ ਦੀ ਯਾਦ ਨੂੰ ਅਮਰ ਕਰਨ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾ ਯੋਗ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਐਮ ਰਾਜੇਸ਼ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਜਿਲਾ ਖੇਡ ਅਫਸਰ ਨਵਦੀਪ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਅਜੇ ਗਰਗ ਸਮੇਤ ਹੋਰ ਸ਼ਖਸ਼ੀਅਤਾਂ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।