ਫੂਡ ਸਪਲਾਈ ਵਿਭਾਗ ਦਾ ਰਿਸ਼ਵਤਖ਼ੋਰ ਇੰਸਪੈਕਟਰ ਮੁਅੱਤਲ

ਪੰਜਾਬ

ਫੂਡ ਸਪਲਾਈ ਵਿਭਾਗ ਦਾ ਰਿਸ਼ਵਤਖ਼ੋਰ ਇੰਸਪੈਕਟਰ ਮੁਅੱਤਲ

ਜਗਰਾਓਂ, 27 ਜਨਵਰੀ, ਦੇਸ਼ ਕਲਿਕ ਬਿਊਰੋ :
ਜਗਰਾਓਂ ਵਿਚ ਫੂਡ ਸਪਲਾਈ ਵਿਭਾਗ ਦੇ ਇਕ ਇੰਸਪੈਕਟਰ ਦੀ ਰਿਸ਼ਵਤ ਲੈਂਦੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਫੂਡ ਸਪਲਾਈ ਡਾਇਰੈਕਟਰ ਨੇ ਇੰਸਪੈਕਟਰ ਸੰਦੀਪ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਇਸ ਮਾਮਲੇ ਵਿੱਚ ਪਿੰਡ ਬੱਲੋਵਾਲ ਦੇ ਕਿਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪਿੰਡ ਵਿੱਚ ਰਾਸ਼ਨ ਡਿਪੂ ਖੋਲ੍ਹਣ ਲਈ ਅਰਜ਼ੀ ਦਿੱਤੀ ਸੀ। ਇਸ ਦੌਰਾਨ ਇੰਸਪੈਕਟਰ ਸੰਦੀਪ ਸਿੰਘ ਨੇ ਫਾਈਲ ਨੂੰ ਅੱਗੇ ਤੋਰਨ ਲਈ 40 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਪਹਿਲੀ ਕਿਸ਼ਤ ਵਿੱਚ ਇੰਸਪੈਕਟਰ 26 ਹਜ਼ਾਰ ਰੁਪਏ ਪਹਿਲਾਂ ਹੀ ਲੈ ਚੁੱਕਾ ਸੀ ਅਤੇ ਹੁਣ ਬਾਕੀ ਦੇ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ।
ਜਦੋਂ ਇੰਸਪੈਕਟਰ ਫਾਈਲ ਅਤੇ ਬਾਕੀ ਪੈਸੇ ਲੈਣ ਆਇਆ ਤਾਂ ਕਿਰਪਾਲ ਸਿੰਘ ਨੇ ਪੂਰੀ ਗੱਲਬਾਤ ਦੀ ਵੀਡੀਓ ਬਣਾ ਲਈ। ਵੀਡੀਓ ਵਿੱਚ ਕਿਰਪਾਲ ਕਹਿ ਰਿਹਾ ਹੈ ਕਿ ਉਸਦੇ ਕੋਲ ਸਿਰਫ 4 ਹਜ਼ਾਰ ਰੁਪਏ ਹਨ, ਜਿਸ ਵਿੱਚੋਂ 3 ਹਜ਼ਾਰ ਰਿਸ਼ਵਤ ਵਜੋਂ ਦੇ ਰਿਹਾ ਹੈ ਅਤੇ 1 ਹਜ਼ਾਰ ਆਪਣੀ ਜੇਬ ਖਰਚ ਲਈ ਰੱਖ ਰਿਹਾ ਹੈ। ਰਿਸ਼ਵਤ ਲੈਂਦੇ ਸਮੇਂ ਇੰਸਪੈਕਟਰ ਵੀਡੀਓ ਵਿੱਚ ਕਹਿੰਦਾ ਹੈ ਕਿ ਕੰਮ ਹੋਣ ਤੋਂ ਬਾਅਦ ਬਾਕੀ ਪੈਸਿਆਂ ਦੀ ਪਾਰਟੀ ਲੈ ਲਵਾਂਗੇ।
ਇਹ ਵੀਡੀਓ ਮੁੱਲਾਂਪੁਰ ਦੇ ਆਮ ਆਦਮੀ ਪਾਰਟੀ ਪ੍ਰਧਾਨ ਡਾ. ਕੇ.ਐਨ.ਐਸ. ਕੰਗ ਨੂੰ ਸੌਂਪੀ ਗਈ, ਜਿਸਨੂੰ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ। ਡਾ. ਕੰਗ ਨੇ ਇੰਸਪੈਕਟਰ ਦੇ ਮੁਅੱਤਲ ਆਰਡਰ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਕਿ ਕੁਝ ਭ੍ਰਿਸ਼ਟ ਅਧਿਕਾਰੀਆਂ ਦੀ ਵਜ੍ਹਾ ਨਾਲ ਸਰਕਾਰ ਦੀ ਦਿੱਖ ਖਰਾਬ ਹੋ ਰਹੀ ਹੈ। ਫਿਲਹਾਲ ਮੁਲਜ਼ਮ ਇੰਸਪੈਕਟਰ ਫਰਾਰ ਦੱਸਿਆ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।