ਸਿਹਤ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ, ਦਿੱਲੀ ‘ਚ 2 ਦਿਨ ਲਗਾਤਾਰ ਖੋਲ੍ਹੀ ਜਾਏਗੀ ‘ਆਪ‘ ਦੀ ਪੋਲ: ਦੀਪਸ਼ਿਖ਼ਾ

ਸਿਹਤ

ਸਿਹਤ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ ਹੁਣ ਦਿੱਲੀ ਵਿਚ ਲਗਾਤਾਰ 2 ਦਿਨ ਖੋਲ੍ਹੀ ਜਾਏਗੀ ਆਮ ਆਦਮੀ ਪਾਰਟੀ ਦੀ ਪੋਲ- ਜਨਰਲ ਸਕੱਤਰ ਦੀਪਸ਼ਿਖ਼ਾ

ਕਮਿਊਨਟੀ ਹੈਲਥ ਅਫ਼ਸਰ ਅਤੇ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦਾ ਦਿੱਲੀ ਜਾਣਾ ਤਹਿ

ਪਟਿਆਲਾ: 27 ਜਨਵਰੀ, ਦੇਸ਼ ਕਲਿੱਕ ਬਿਓਰੋ

ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਜਰਨਲ ਸਕੱਤਰ ਦੀਪਸ਼ਿਖਾ ਮੋਹਾਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਨਾਂ ਜਥੇਬੰਦੀਆਂ ਦੇ ਇਕ ਸਾਂਝੇ ਵਫ਼ਦ ਨਾਲ 26 ਜਨਵਰੀ ਨੂੰ ਸਿਹਤ ਮੰਤਰੀ ਪੰਜਾਬ ਜੀ ਨਾਲ ਸਰਕਟ ਹਾਊਸ ਪਟਿਆਲਾ ਵਿਖੇ ਇਕ ਅਹਿਮ ਪੈਨਲ ਮੀਟਿੰਗ ਆਨਨ-ਫ਼ਾਨਨ ਵਿੱਚ ਸੱਦੀ ਗਈ ਜਿਸ ਵਿੱਚ ਸਿਹਤ ਮੰਤਰੀ ਪੰਜਾਬ ਜੀ ਦੇ ਨਾਲ ਨਾਲ ਹੈਲਥ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਵੀ ਸ਼ਾਮਲ ਸਨ । ਪਰੰਤੂ ਇਹ ਮੀਟਿੰਗ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਘੱਟ ਅਤੇ ਉਹਨਾਂ ਦੇ ਦਿੱਲੀ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਵੱਧ ਨਜ਼ਰ ਆ ਰਹੀ ਸੀ । ਉਹਨਾਂ ਦਸਿਆ ਕਿ ਪਿਛਲੀਆਂ ਬਹੁਤ ਸਾਰੀਆਂ ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਉਹ ਇਸ ਮੀਟਿੰਗ ਵਿਚ ਬਹੁਤ ਆਸ ਅਤੇ ਉਮੀਦ ਨਾਲ ਹਾਜ਼ਰ ਹੋਏ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਪਿਛਲੀਆਂ ਸਾਰੀਆਂ ਮੀਟਿੰਗਾਂ ਦੇ ਵਾਂਗ ਇਹ ਮੀਟਿੰਗ ਵੀ ਬੇਸਿੱਟਾ ਹੀ ਰਹੀ । ਜਿਸ ਉਪਰੰਤ ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਮੌਕੇ ਤੇ ਹੀ ਮੀਟਿੰਗ ਕਰ ਕੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ । ਆਪਣੇ ਸੰਘਰਸ਼ ਦੀ ਰੂਪ-ਰੇਖਾ ਦੱਸਦੇ ਹੋਏ ਉਹਨਾਂ ਅੱਗੇ ਦੱਸਿਆ ਕਿ ਹੁਣ ਉਹ 1 ਦੀ ਬਜਾਏ ਲਗਾਤਾਰ 2 ਦਿਨ 1-2 ਫਰਵਰੀ 2025 ਨੂੰ ਆਮ ਆਦਮੀ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਖਿਲਾਫ਼ ਦਿੱਲੀ ਦੇ ਬਜਾਰਾਂ ਵਿੱਚ ਪੋਲ-ਖੋਲ ਰੈਲੀ ਕਰਨਗੇ। ਅਤੇ ਆਉਣ ਵਾਲੇ ਦਿਨਾਂ ਵਿੱਚ 2 ਦਿਨ ਦੀ ਸੰਕੇਤਿਕ ਹੜਤਾਲ ਤੇ ਜਾਣਗੇ ਜੇਕਰ ਫੇਰ ਵੀ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ ਤੇ ਮਜਬੂਰਨ ਓਹ ਪੰਜਾਬ ਭਰ ਦਿਆਂ ਸਿਹਤ ਸੇਵਾਵਾਂ ਠੱਪ ਕਰ ਕੇ ਪੂਰਨ ਰੂਪ ਨਾਲ ਹੜਤਾਲ ਤੇ ਚਲੇ ਜਾਣਗੇ ਜਿਸਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਏਗੀ ।

ਐੱਨਐੱਚਐੱਮ ਯੂਨੀਅਨ ਦੇ ਸੂਬਾ ਪ੍ਰਧਾਨ ਡਾ ਵਾਹਿਦ ਜੀ ਨੇ ਦੱਸੀਆਂ ਕਿ ਪੰਜਾਬ ਭਰ ਵਿੱਚ ਸਿਹਤ ਵਿਭਾਗ ਅਧੀਨ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾਮੈਡੀਕਲ ਅਤੇ ਦਫਤਰੀ ਸਿਹਤ ਕਾਮੇ ਠੇਕਾ ਪ੍ਰਥਾ ਦਾ ਸ਼ਿਕਾਰ ਹੋ ਰਹੇ ਹਨ ਪ੍ਰੰਤੂ ਪਿਛਲੇ ਤਿੰਨ ਸਾਲਾਂ ਤੋਂ ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀਆਂ ਪੰਜਾਬ ਸਰਕਾਰ ਨਾਲ ਹੋਈਆਂ 29-30 ਮੀਟਿੰਗਾਂ ਸਿਰਫ ਜੁਬਾਨੀ ਲਾਰੇਬਾਜੀ ਸਾਬਿਤ ਹੋਈਆਂ। ਸੂਬਾਈ ਆਗੂ ਅਵਤਾਰ ਸਿੰਘ ਮਾਨਸਾ ਅਤੇ ਮੈਡਮ ਦੀਪਸ਼ਿਖਾ ਮੋਹਾਲੀ ਜੀ ਵੱਲੋਂ ਪੰਜਾਬ ਸਰਕਾਰ ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਲਗਪਗ ਤਿੰਨ ਸਾਲ ਦਾ ਸਮਾਂ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕੋਈ ਵੀ ਜਾਇਜ਼ ਮੰਗ ਪੂਰੀ ਨਹੀਂ ਕੀਤੀ ਜਿਸ ਕਰਕੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋ ਆਗੂਆਂ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਫਰਵਰੀ ਮਹੀਨੇ ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਪੋਲ ਖੋਲ ਰੈਲੀਆਂ ਕਰਕੇ ਪਰਚੇ ਵੰਡੇ ਜਾਣਗੇ।ਵਿਰੋਧ ਪ੍ਰਦਰਸ਼ਨਾਂ ਦੀ ਲੜੀ ਦੇ ਪਹਿਲੇ ਪੜਾਅ ਤੇ ਮਿਤੀ 01 ਅਤੇ 2 ਫ਼ਰਵਰੀ 2025 ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਧਾਨ ਸਭਾ ਹਲਕਾ ਨਵੀਂ ਦਿੱਲੀ ਅਤੇ ਨੈਸ਼ਨਲ ਮੀਡੀਆ ਰਾਹੀਂ ਰਾਜੀਵ ਚੌਕ ਕਨਾਉਟ ਪੈਲੇਸ ਵਿੱਚ 20000 ਪਰਚੇ ਵੰਡ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ । ਇਸ ਮੌਕੇ ਹਾਜ਼ਰ ਸੂਬਾਈ ਆਗੂਆ ਨੇ ਰੋਸ਼ ਜਾਹਰ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਜਾਇਜ਼ ਮੰਗਾਂ ਦਾ ਹੱਲ ਕਰਨ ਤੋਂ ਭੱਜਦੀ ਦਿਖਾਈ ਦੇ ਰਹੀ ਹੈ ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਹਰਪਾਲ ਸਿੰਗ ਸੋਢੀ,ਡਾ ਜਤਿੰਦਰ ਮਾਲੇਰਕੋਟਲਾ,ਮੈਡਮ ਸੰਦੀਪ ਕੌਰ ਬਰਨਾਲਾ,ਜਸ਼ਨ ਫ਼ਤਹਿਗੜ੍ਹ,ਅਮਨਦੀਪ ਸਿੰਘ, ਡਾ ਕੁਲਵਿੰਦਰ ਸਿੰਘ, ਡਾ ਸ਼ਿਵਰਾਜ, ਆਦਿ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।