ਚੰਡੀਗੜ੍ਹ, 30 ਜਨਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਅੱਜ (30 ਜਨਵਰੀ) ਨੂੰ ਚੋਣ ਹੋਵੇਗੀ। ਇਸ ਦੇ ਲਈ ਭਾਜਪਾ ਨੇ ਹਰਪ੍ਰੀਤ ਕੌਰ ਬਬਲਾ ਅਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਇਥੇ ਨਿਗਰਾਨ ਵਜੋਂ ਹਾਜ਼ਰ ਰਹਿਣਗੇ।
ਇਸ ਦੌਰਾਨ ‘ਆਪ’-ਕਾਂਗਰਸ ਨੂੰ ਕੌਂਸਲਰਾਂ ਦੀ ਹਾਰਸ ਟਰੇਡਿੰਗ ਦਾ ਵੀ ਡਰ ਹੈ। ਇਸ ਲਈ ਚੋਣਾਂ ਤੋਂ ਪਹਿਲਾਂ ‘ਆਪ’ ਦੇ ਕੌਂਸਲਰਾਂ ਨੂੰ ਰੋਪੜ ਅਤੇ ਕਾਂਗਰਸੀ ਕੌਂਸਲਰਾਂ ਨੂੰ ਲੁਧਿਆਣਾ ਵਿੱਚ ਰੱਖਿਆ ਗਿਆ ਸੀ। ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਨਿਗਮ ਕੌਂਸਲਰਾਂ ਦੀ ਚੋਣ 5 ਸਾਲ ਵਿੱਚ ਇੱਕ ਵਾਰ ਹੁੰਦੀ ਹੈ ਪਰ ਇੱਥੇ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ।
ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਨਾਮਜ਼ਦ ਕੌਂਸਲਰ ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 6 ਡਿਊਟੀ ਮੈਜਿਸਟਰੇਟ ਅਤੇ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਸਿਰਫ ਉਹੀ ਲੋਕ ਨਿਗਮ ਦੀ ਇਮਾਰਤ ਦੇ ਅੰਦਰ ਜਾ ਸਕਣਗੇ, ਜਿਨ੍ਹਾਂ ਕੋਲ ਪਛਾਣ ਪੱਤਰ ਹੋਣਗੇ।

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਵੋਟਿੰਗ ਅੱਜ
Published on: January 30, 2025 6:57 am