ਲੁਧਿਆਣਾ ਤੋਂ ਲਖਨਊ ਲਾਸ਼ ਛੱਡਣ ਗਏ ਐਂਬੂਲੈਂਸ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ
10 ਮਹੀਨੇ ਪਹਿਲਾਂ ਐਂਬੂਲੈਂਸ ਚਲਾਉਂਦਿਆਂ ਹੀ ਪੁੱਤਰ ਦੀ ਵੀ ਹੋ ਚੁੱਕੀ ਹੈ ਮੌਤ
ਲੁਧਿਆਣਾ, 31 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਤੋਂ ਲਖਨਊ ਗਏ ਐਂਬੂਲੈਂਸ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਡਰਾਈਵਰ, ਸਪਨਾ ਨਾਂ ਦੀ ਔਰਤ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਹਰਦੋਈ ਸਥਿਤ ਉਸ ਦੇ ਘਰ ਛੱਡਣ ਜਾ ਰਿਹਾ ਸੀ। ਸੀਤਾਪੁਰ ਨੇੜੇ ਅਚਾਨਕ ਉਸ ਦੀ ਇਨੋਵਾ ਕਾਰ ਐਂਬੂਲੈਂਸ ਟਰੱਕ ਨਾਲ ਟਕਰਾ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਡਰਾਈਵਰ ਕਾਰ ‘ਚੋਂ ਉਤਰ ਕੇ ਜ਼ਮੀਨ ‘ਤੇ ਡਿੱਗ ਗਿਆ। ਜਾਣਕਾਰੀ ਮੁਤਾਬਕ ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਚਾਲਕ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਐਂਬੂਲੈਂਸ ਚਾਲਕ ਦਾ ਨਾਂ ਗੁਰਪ੍ਰੀਤ ਸਿੰਘ (45) ਹੈ ਜੋ ਫਤਿਹਗੰਜ ਮੁਹੱਲਾ ਦਾ ਰਹਿਣ ਵਾਲਾ ਹੈ।
ਜਿਕਰਯੋਗ ਹੈ ਕਿ ਅਜੇ 10 ਮਹੀਨੇ ਪਹਿਲਾਂ ਹੀ ਗੁਰਪ੍ਰੀਤ ਸਿੰਘ ਦੇ ਪੁੱਤਰ ਜਰਨੈਲ ਸਿੰਘ ਦੀ ਵੀ ਵਾਰਾਣਸੀ ਤੋਂ ਮਰੀਜ਼ ਨੂੰ ਛੱਡ ਕੇ ਵਾਪਸ ਆਉਂਦੇ ਸਮੇਂ ਐਂਬੂਲੈਂਸ ਵਿੱਚ ਆਰਾਮ ਕਰਨ ਦੌਰਾਨ ਖਿੜਕੀਆਂ ਬੰਦ ਹੋਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ ਸੀ।