ਅੰਮ੍ਰਿਤਸਰ, 4 ਫਰਵਰੀ, ਦੇਸ਼ ਕਲਿਕ ਬਿਊਰੋ :
ਅਮਰੀਕਾ ਵਿੱਚ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਦੇ ਨਾਲ ਹੀ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਵੜੇ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਵਿੱਚ ਵਾਪਸ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਹੈ। ਅਮਰੀਕੀ ਏਜੰਸੀਆਂ ਨੇ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਦੀ ਪਹਿਚਾਣ ਕੀਤੀ ਹੈ, ਉਨ੍ਹਾਂ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ। ਇਸੇ ਤਰ੍ਹਾਂ ਦੇ 205 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਇੱਕ ਜਹਾਜ਼ ਮੰਗਲਵਾਰ ਨੂੰ ਸੈਨ ਐਂਟੋਨਿਓ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਇਆ। ਇਹ C-17 ਜਹਾਜ਼ ਬੁੱਧਵਾਰ ਸਵੇਰੇ ਅੰਮ੍ਰਿਤਸਰ ਏਅਰਪੋਰਟ ’ਤੇ ਉਤਰੇਗਾ।
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਹ ਜਹਾਜ਼ ਬੁੱਧਵਾਰ ਸਵੇਰੇ ਲਗਭਗ 9 ਵਜੇ ਪਹੁੰਚਣ ਦੀ ਉਮੀਦ ਹੈ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ ਡਿਪੋਰਟ ਹੋ ਕੇ ਆ ਰਹੇ 205 ਭਾਰਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਕੋਈ ਹੁਕਮ ਨਹੀਂ ਆਇਆ ਹੈ।
ਅੰਮ੍ਰਿਤਸਰ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਅਨੁਸਾਰ, ਅਮਰੀਕੀ ਜਹਾਜ਼ ’ਚ ਆ ਰਹੇ ਸਭ ਲੋਕਾਂ ਦੇ ਦਸਤਾਵੇਜ਼ ਅੰਮ੍ਰਿਤਸਰ ਏਅਰਪੋਰਟ ’ਤੇ ਚੈਕ ਕੀਤੇ ਜਾਣਗੇ। ਇਮੀਗ੍ਰੇਸ਼ਨ ਸਮੇਤ ਇਨ੍ਹਾਂ ਲੋਕਾਂ ਦਾ ਪੂਰਾ ਪਿੱਛੋਕੜ, ਖ਼ਾਸ ਕਰਕੇ ਕ੍ਰਿਮਿਨਲ ਰਿਕਾਰਡ ਵੀ ਚੈਕ ਕੀਤਾ ਜਾਵੇਗਾ। ਜੇਕਰ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਿਕਲਿਆ ਤਾਂ ਉਸਨੂੰ ਹਵਾਈ ਅੱਡੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਪ੍ਰਕਿਰਿਆ ਵਿੱਚ ਪੂਰਾ ਦਿਨ ਲੱਗ ਸਕਦਾ ਹੈ।
ਸੂਤਰਾਂ ਦੇ ਅਨੁਸਾਰ, ਅਮਰੀਕਾ ਤੋਂ ਡਿਪੋਰਟ ਹੋਏ ਇਨ੍ਹਾਂ ਭਾਰਤੀਆਂ ਵਿੱਚ ਕੁਝ ਲੋਕ ਅਜਿਹੇ ਵੀ ਹੋ ਸਕਦੇ ਹਨ, ਜਿਹੜੇ ਭਾਰਤ ਵਿੱਚ ਕੋਈ ਨਾਂ ਕੋਈ ਅਪਰਾਧ ਕਰਕੇ ਅਮਰੀਕਾ ਭੱਜ ਗਏ ਹੋਣ।
