ਪੰਜਾਬ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਰੀਲਿੰਗ ਅਤੇ ਕੋਕੂਨ ਸਟੋਰੇਜ ਯੂਨਿਟ ਕੀਤੇ ਜਾਣਗੇ ਸਥਾਪਤ: ਬਾਗਬਾਨੀ ਮੰਤਰੀ

ਪੰਜਾਬ

ਪੰਜਾਬ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਰੀਲਿੰਗ ਅਤੇ ਕੋਕੂਨ ਸਟੋਰੇਜ ਯੂਨਿਟ ਕੀਤੇ ਜਾਣਗੇ ਸਥਾਪਤ: ਬਾਗਬਾਨੀ ਮੰਤਰੀ

ਮੰਤਰੀ ਨੇ ਵਿਭਾਗੀ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ

ਮਾਨ ਸਰਕਾਰ ਵੱਲੋਂ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਰੇਸ਼ਮ ਕਾਸ਼ਤਕਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਉਪਰਾਲਾ

ਚੰਡੀਗੜ, 6 ਫਰਵਰੀ, ਦੇਸ਼ ਕਲਿੱਕ ਬਿਓਰੋ

ਪੰਜਾਬ ਵਿੱਚ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਰੇਸ਼ਮ ਦੇ ਉਤਪਾਦਨ ਨੂੰ ਹੋਰ ਹੁਲਾਰਾ ਦੇਣ ਦੇ ਮੱਦੇਨਜ਼ਰ ਰਾਜ ਵਿੱਚ ਰੀਲਿੰਗ ਅਤੇ ਕੋਕੂਨ ਸਟੋਰੇਜ ਯੂਨਿਟ ਸਥਾਪਤ ਕੀਤੇ ਜਾਣਗੇ। ਰੇਸ਼ਮ ਦੇ ਉਤਪਾਦਨ ਨੂੰ ਵਧਾਉਣ ਅਤੇ ਰੇਸ਼ਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਿਆਂ ਵਿੱਚ ਮੁੱਖ ਤੌਰ ’ਤੇ ਮਿਸ਼ਨ “ਹਰ ਘਰ ਰੇਸ਼ਮ’’ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਵੀਰਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ  ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਬਾਗਬਾਨੀ) ਸ੍ਰੀ ਅਨੁਰਾਗ ਵਰਮਾ ਅਤੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ੈਲਿੰਦਰ ਕੌਰ ਮੌਜੂਦ ਰਹੇ।

ਇਸ ਦੌਰਾਨ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ 4 ਤੋਂ 9 ਦਸੰਬਰ 2024 ਤੱਕ ਚੰਡੀਗੜ ਦੇ ਕਿਸਾਨ ਭਵਨ ਵਿਖੇ ਇੱਕ ਸਿਲਕ ਐਕਸਪੋ ਕਰਵਾਇਆ ਗਿਆ ਸੀ, ਜਿਸ ਦਾ ਉਦੇਸ਼ ਰਾਜ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਰੇਸ਼ਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਆਮਦਨ ਵਧਾਉਣਾ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਰੇਸ਼ਮ ਬੋਰਡ ਨੇ ਆਉਣ ਵਾਲੇ ਸਾਲਾਂ ਵਿੱਚ ਇਸ ਪਹਿਲਕਦਮੀ ਲਈ ਸਹਾਇਤਾ ਪ੍ਰਦਾਨ ਕਰਨ ਲਈ ਸਹਿਮਤੀ ਵੀ ਦੇ ਦਿੱਤੀ ਹੈ।

ਸ੍ਰੀ ਮੋਹਿੰਦਰ ਭਗਤ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਅਤੇ ਐਚ.ਡੀ.ਐਫ.ਸੀ. ਬੈਂਕ ਦੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਫੰਡ ਸਕੀਮ (ਸੀ.ਐਸ.ਆਰ.) ਦੇ ਸਾਂਝੇ ਯਤਨਾਂ ਸਦਕਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਕਿਸਾਨਾਂ ਨੂੰ ਰੇਸ਼ਮ- ਕੀਟਬੀਜ ਮੁਹੱਈਆ ਕਰਾਉਣ ਵਿੱਚ ਮਦਦ ਮਿਲੇਗੀ, ਜਿਸਦਾ ਬਜਟ 14.82 ਲੱਖ ਰੁਪਏ ਹੈ। ਇਹ ਉਪਰਾਲਾ ਵੱਧ ਤੋਂ ਵੱਧ ਕਿਸਾਨਾਂ ਨੂੰ ਰੇਸ਼ਮ ਦੀ ਖੇਤੀ ਲਈ ਪੇ੍ਰਰਨ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਇਸ ਯੋਜਨਾ ਵਿੱਚ ਕਿਸਾਨਾਂ ਨੂੰ ਰੇਸ਼ਮ-ਕੀਟ ਬੀਜ ਸਮੱਗਰੀ ਪ੍ਰਦਾਨ ਕਰਨਾ ਸ਼ਾਮਲ ਹੈ, ਜੋ ਇਸ ਉਦਯੋਗ ਨੂੰ ਹੋਰ ਉਤਸ਼ਾਹਿਤ ਕਰੇਗਾ। ਸੀ.ਐਸ.ਆਰ. ਪ੍ਰੋਗਰਾਮ ਤਹਿਤ, ਐਚ.ਡੀ.ਐਫ.ਸੀ. ਬੈਂਕ ਰੀਲਿੰਗ ਯੂਨਿਟ ਦੀ ਸਥਾਪਨਾ ਲਈ 51.17 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕਰੇਗਾ, ਜਿਸ ਨਾਲ ਕੋਕੂਨ ਤੋਂ ਰੇਸ਼ਮ ਦੇ ਧਾਗੇ ਬਣਾਏ ਜਾਣਗੇ । ਇਹ ਯੂਨਿਟ ਕਿਸਾਨਾਂ ਦੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਕਰੇਗਾ ਅਤੇ ਬਹੁਤ ਲਾਹੇਵੰਦ ਸਾਬਿਤ ਹੋਵੇਗਾ।

ਇਸ ਤੋਂ ਇਲਾਵਾ, ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ‘ਫ਼ੇਜ਼ ਯੋਜਨਾ’ ਕਲੱਸਟਰ ਪਹੁੰਚ ਨੂੰ ਉਤਸ਼ਾਹਿਤ ਕਰੇਗੀ, ਜੋ ਕਿਸਾਨਾਂ ਨੂੰ ਖੇਤੀ-ਕਾਰੋਬਾਰੀ ਉੱਦਮੀ ਬਣਨ ਲਈ ਸਿੱਖਿਅਤ ਅਤੇ ਸਿਖਲਾਈ ਦੇਣ ‘ਤੇ ਕੇਂਦਿ੍ਰਤ ਹੈ। ਇਸ ਨੂੰ ਸਮਰਥਨ ਦੇਣ ਲਈ, ਅੰਤਰਰਾਜੀ ਅਧਿਐਨ ਟੂਰ ਕਰਵਾਏ ਜਾਣਗੇ, ਜਿਸ ਵਿੱਚ ਐਚ.ਡੀ.ਐਫ.ਸੀ. ਬੈਂਕ ਦਾ ਸੀਐਸਆਰ ਪ੍ਰੋਗਰਾਮ ਸਹਾਇਤਾ ਪ੍ਰਦਾਨ ਕਰੇਗਾ। ਇਹ ਪਹਿਲਕਦਮੀ ਰੇਸ਼ਮ ਦੀ ਖੇਤੀ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਆਰਥਿਕ ਵਿਕਾਸ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਮੀਟਿੰਗ ਵਿੱਚ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਹਰਮੇਲ ਸਿੰਘ, ਬਾਗਬਾਨੀ ਵਿਕਾਸ ਅਧਿਕਾਰੀ ਬਲਵਿੰਦਰਜੀਤ ਕੌਰ, ਸੈਰੀਕਲਚਰ ਪ੍ਰਮੋਸ਼ਨ ਅਫ਼ਸਰ ਮੀਨੂ ਸਿਡਾਨਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।