ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਕਰਨਗੇ ਸੰਘਰਸ਼ ਤੇਜ਼
ਚੰਡੀਗੜ੍ਹ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਫਸਲਾਂ ਦੀ MSP ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅਗਲੇ ਹਫ਼ਤੇ ਇੱਕ ਸਾਲ ਪੂਰਾ ਹੋਵੇਗਾ। ਇਸ ਦੇ ਮੱਦੇਨਜ਼ਰ ਕਿਸਾਨਾਂ ਨੇ 11 ਤੋਂ 13 ਫਰਵਰੀ ਤੱਕ ਤਿੰਨ ਮਹਾਂਪੰਚਾਇਤਾਂ ਕਰਨ ਦਾ ਫ਼ੈਸਲਾ ਕੀਤਾ ਹੈ। ਮਹਾਂਪੰਚਾਇਤਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕਰਨ ਲਈ ਕਿਸਾਨ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 73ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ (6 ਫਰਵਰੀ) ਨੂੰ ਹਰਿਆਣਾ ਦੇ ਪਿੰਡਾਂ ਦੇ ਕਿਸਾਨ ਮੋਰਚੇ ’ਤੇ ਜਲ ਲੈ ਕੇ ਪਹੁੰਚਣਗੇ। ਹੁਣ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਵੱਲੋਂ ਲਿਆਇਆ ਜਲ ਹੀ ਪੀ ਰਹੇ ਹਨ। ਦੋਵੇਂ ਮੋਰਚਿਆਂ ’ਤੇ ਬਹੁਤ ਸਾਰੇ ਕਿਸਾਨ ਰਾਸ਼ਨ ਅਤੇ ਟ੍ਰੈਕਟਰ-ਟ੍ਰਾਲੀਆਂ ਲੈ ਕੇ ਪਹੁੰਚਣੇ ਸ਼ੁਰੂ ਹੋ ਗਏ ਹਨ।
ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਹੋਣ ਵਾਲੀ ਹੈ। ਇਸ ਮੀਟਿੰਗ ਲਈ ਕਿਸਾਨਾਂ ਨੇ ਮੋਰਚਿਆਂ ’ਤੇ ਲਗਾਤਾਰ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਹੈ, ਤਾਂ ਜੋ ਵੱਡੀ ਗਿਣਤੀ ਵਿੱਚ ਲੋਕ ਮੋਰਚਿਆਂ ’ਤੇ ਪਹੁੰਚ ਸਕਣ। 6 ਤੋਂ 8 ਫਰਵਰੀ ਤੱਕ ਖਨੌਰੀ ਬਾਰਡਰ ’ਤੇ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦਾ ਜਲ ਲੈ ਕੇ ਪਹੁੰਚਣਗੇ। ਜਦਕਿ 9 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀਬਾੜੀ ਮਾਰਕੀਟ ਨੀਤੀ ਦੇ ਡਰਾਫਟ ਦੇ ਖ਼ਿਲਾਫ਼ ਦੇਸ਼ ਭਰ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
