ਵਾਸਿੰਗਟਨ, 12 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਜਲਦ ਹੀ ਪੁਲਾੜ ਸਟੇਸ਼ਨ ‘ਤੋਂ ਵਾਪਸ ਆਉਣਗੇ। ਨਾਸਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਰਚ ਦੇ ਅੱਧ ਵਿਚ ਵਾਪਸ ਲਿਆਂਦਾ ਜਾਵੇਗਾ। ਦੋਵੇਂ ਪੁਲਾੜ ਯਾਤਰੀ ਪਿਛਲੇ 8 ਮਹੀਨਿਆਂ ਤੋਂ ਪੁਲਾੜ ਸਟੇਸ਼ਨ ‘ਚ ਫਸੇ ਹੋਏ ਹਨ।
ਇਸ ਤੋਂ ਪਹਿਲਾਂ ਪੁਲਾੜ ਯਾਤਰੀਆਂ ਦੀ ਵਾਪਸੀ ਦੀ ਸਮਾਂ ਸੀਮਾ ਮਾਰਚ ਦੇ ਅੰਤ ਜਾਂ ਅਪ੍ਰੈਲ ‘ਚ ਤੈਅ ਕੀਤੀ ਗਈ ਸੀ। ਉਨ੍ਹਾਂ ਨੂੰ ਸਪੇਸਐਕਸ ਕੈਪਸੂਲ ਰਾਹੀਂ ਵਾਪਸ ਲਿਆਂਦਾ ਜਾਵੇਗਾ।
ਸੁਨੀਤਾ ਵਿਲੀਅਮਸ ਪਿਛਲੇ ਸਾਲ 5 ਜੂਨ ਨੂੰ ਬੁਚ ਵਿਲਮੋਰ ਨਾਲ ਆਈਐਸਐਸ ਪਹੁੰਚੀ ਸੀ।ਉਨ੍ਹਾਂ ਨੇ ਹਫ਼ਤੇ ਬਾਅਦ ਵਾਪਸ ਆਉਣਾ ਸੀ। ਦੋਵੇਂ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਦੀ ਜਾਂਚ ਕਰਨ ਲਈ ਗਏ ਸਨ, ਪਰ ਇਸ ਦੇ ਖਰਾਬ ਹੋਣ ਤੋਂ ਬਾਅਦ, ਦੋਵੇਂ ਆਈਐਸਐਸ ‘ਤੇ ਹੀ ਰੁਕ ਗਏ ਸਨ। ਉਦੋਂ ਤੋਂ ਦੋਵੇਂ ਉਥੇ ਹੀ ਫਸੇ ਹੋਏ ਹਨ।
