ਜਲਦੀ ਹੀ ਇੱਕ ਹੋਰ ਤਜਰਬੇਕਾਰ ਵਿਧਾਇਕ ਨੂੰ ਮੰਤਰੀ ਲੈਣ ਦੇ ਚਰਚੇ
ਚੰਡੀਗੜ੍ਹ: 19 ਫਰਵਰੀ, ਦੇਸ਼ ਕਲਿੱਕ ਬਿਓਰੋ
ਪੰਜਾਬ ਮੰਤਰੀ ਮੰਡਲ ‘ਚ ਜਲਦ ਹੀ ਇੱਕ ਹੋਰ ਮੰਤਰੀ ਲਏ ਜਾਣ ਦੀ ਚਰਚਾ ਜ਼ੋਰਾਂ ‘ਤੇ ਹੈ। ਦਿੱਲੀ ਚੋਣਾਂ ‘ਚ ਹਾਰ ਤੋਂ ਬਾਅਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਸਾਰਾ ਫੋਕਸ ਪੰਜਾਬ ‘ਤੇ ਕਰ ਲਿਆ ਹੈ। ਪੰਜਾਬ ਵਿੱਚ ਸਰਕਾਰ ਕੋਲ 40-50 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਬਿਜਲੀ ਦੇ 600 ਯੂਨਿਟ ਫਰੀ ਕਰਨ ਤੋਂ ਬਿਨਾਂ ਹੋਰ ਕੋਈ ਵੱਡੀ ਪ੍ਰਾਪਤੀ ਨਹੀਂ ਹੈ ਜਿਸ ਨੂੰ ਲੋਕਾਂ ‘ਚ ਪਹੁੰਚਾਇਆ ਜਾ ਸਕੇ।
ਪੰਜਾਬ ਵਿੱਚ ਆਉਣ ਵਾਲੇ 2 ਸਾਲਾਂ ਵਿੱਚ ਧਰਾਤਲ ਉੱਤੇ ਦਿਖਾਊਣ ਲਈ ਹੁਣ ਕੇਜਰੀਵਾਲ ਦਾ ਸਾਰਾ ਧਿਆਨ ਕੁਝ ਕਰ ਸਕਣ ਵਾਲੇ ਵਿਧਾਇਕਾਂ ‘ਤੇ ਹੈ ਜਿਸ ਨਾਲ ਪੰਜਾਬ ‘ਚ ਕੋਈ ਨਵੇਂ ਪ੍ਰੋਜੈਕਟ ਚਲਦੇ ਲੋਕਾਂ ਨੂੰ ਦਿਸ ਸਕਣ। ਇਸ ਕੰਮ ਲਈ ਵਿਧਾਇਕਾਂ ‘ਚੋਂ ਅਜਿਹੇ ਵਿਅਕਤੀ ਲੱਭੇ ਜਾ ਰਹੇ ਹਨ ਜੋ ਪੰਜਾਬ ‘ਚ ਕੁਝ ਨਵਾਂ ਕਰ ਸਕਣ ਦੀ ਸਮਰੱਥਾ ਰੱਖਦੇ ਹੋਣ। ਇਸ ਸਮੇਂ ਭਗਵੰਤ ਮਾਨ ਕੈਬਨਿਟ ‘ਚ 16 ਮੰਤਰੀ ਹਨ ਅਤੇ ਦੋ ਹੋਰ ਮੰਤਰੀ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਦੀ ਹੀ ਪੰਜਾਬ ਦੇ ਇੱਕ ਹੋਰ ਤਜਰਬੇਕਾਰ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਵਧੀਆ ਮਹਿਕਮਾ ਦੇਣ ਦੀ ਗੱਲ ਚੱਲ ਰਹੀ ਹੈ। ਇਸ ਸੰਬੰਧੀ ਹਾਈਕਮਾਂਡ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਹਾਈਕਮਾਂਡ ਹੁਣ ਸੋਚ ਰਹੀ ਹੈ ਕਿ ਕਿਸੇ ਅਣਜਾਣ ਦੀ ਥਾਂ ਤਜਰਬੇਕਾਰ ਤੇ ਸਮਰੱਥ ਵਿਅਕਤੀਆਂ ਨੂੰ ਚੰਗੀ ਥਾਂ ਦਿੱਤੀ ਜਾਵੇ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਹੀ ਦਿਨਾਂ ਵਿੱਚ ਨਵੇਂ ਮੰਤਰੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ।
