ਅਧਿਆਪਕਾਂ ਦੀਆਂ ਪ੍ਰੀਖਿਆ ਡਿਊਟੀਆਂ ਸੈਂਟਰ ਪੱਧਰ ਤੇ ਹੀ ਲਗਾਈਆਂ ਜਾਣ: ਡੀ ਟੀ ਐੱਫ਼ 

ਸਿੱਖਿਆ \ ਤਕਨਾਲੋਜੀ

ਅਧਿਆਪਕਾਂ ਦੀਆਂ ਪ੍ਰੀਖਿਆ ਡਿਊਟੀਆਂ ਸੈਂਟਰ ਪੱਧਰ ਤੇ ਹੀ ਲਗਾਈਆਂ ਜਾਣ: ਡੀ ਟੀ ਐੱਫ਼ 

~ਪ੍ਰੀਖਿਆ ਡਿਊਟੀਆਂ ਦੇ ਨਾਂ ਤੇ ਅਧਿਆਪਕਾਂ ਨੂੰ ਖੱਜਲ ਕਰਨਾ ਬੰਦ ਕਰੇ ਵਿਭਾਗ

ਪਟਿਆਲਾ 20 ਫਰਵਰੀ, ਦੇਸ਼ ਕਲਿੱਕ ਬਿਓਰੋ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪਟਿਆਲਾ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਇੰਟਰ ਸੈਂਟਰ ਪੱਧਰ ਤੇ ਲਗਾ ਕੇ ਅਧਿਆਪਕਾਂ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਬੰਦ ਕਰਨ ਦੀ ਮੰਗ ਕੀਤੀ ਹੈ ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ , ਸਕੱਤਰ ਜਸਪਾਲ ਸਿੰਘ ਚੌਧਰੀ ਅਤੇ ਖਜਾਨਚੀ ਰਾਜਿੰਦਰ ਸਿੰਘ ਸਮਾਣਾ ਨੇ ਦੱਸਿਆ ਕਿ ਜਦੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਬੋਰਡ ਵੱਲੋਂ ਲਈ ਜਾਂਦੀ ਸੀ ਉਦੋਂ ਅਧਿਆਪਕਾਂ ਦੀਆਂ ਡਿਊਟੀਆਂ ਸੈਂਟਰ ਪੱਧਰ ਤੇ ਹੀ ਲਗਾਈਆਂ ਜਾਂਦੀਆਂ ਸਨ । ਪਰ ਹੁਣ ਜਦੋਂ ਬੋਰਡ ਦੀ ਪ੍ਰੀਖਿਆ ਖਤਮ ਹੋ ਚੁੱਕੀ ਹੈ ਤਾਂ ਅਧਿਆਪਕਾਂ ਦੀਆਂ ਡਿਊਟੀਆਂ ਇੰਟਰ ਸੈਂਟਰ ਪੱਧਰ ਤੇ ਲਗਾਈਆਂ ਜਾ ਰਹੀਆਂ ਹਨ। ਇਸ ਨਾਲ ਅਧਿਆਪਕਾਂ ਦੀ ਖੱਜਲ ਖਵਾਰੀ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। 

ਉਨ੍ਹਾਂ ਕਿਹਾ ਕਿ ਇੱਕ ਪਾਸੇ ਪ੍ਰਾਈਵੇਟ ਸਕੂਲਾਂ ਨੂੰ ਆਪਣੇ ਸਕੂਲ ਵਿੱਚ ਹੀ ਪ੍ਰੀਖਿਆ ਲੈਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਦੂਸਰੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਦੂਸਰੇ ਸੈਂਟਰ ਦੇ ਸਕੂਲਾਂ ਵਿੱਚ ਲਗਾਈਆਂ ਜਾ ਰਹੀਆਂ ਹਨ। ਉਹਨਾਂ ਸਵਾਲ ਕੀਤਾ ਕਿ ਕੀ ਪੰਜਾਬ ਸਰਕਾਰ ਨੂੰ ਆਪਣੇ ਹੀ ਅਧਿਆਪਕਾਂ ਉੱਪਰ ਵਿਸ਼ਵਾਸ ਨਹੀਂ ਰਿਹਾ? ਕਈ ਸਕੂਲਾਂ ਵਿੱਚ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਅਧਿਆਪਕ ਇਸ ਕੰਮ ਦੇ ਨਾਲ-ਨਾਲ ਸਕੂਲ ਦਾ ਮਿਡ ਡੇ ਮੀਲ ਪ੍ਰਬੰਧ ਵੀ ਵੇਖਦੇ ਹਨ। ਦੂਸਰੇ ਸੈਂਟਰ ਵਿੱਚ ਡਿਊਟੀ ਹੋਣ ਕਾਰਨ ਅਧਿਆਪਕਾਂ ਨੂੰ ਇਹ ਕੰਮ ਕਰਨ ਵਿੱਚ ਵੀ ਦਿੱਕਤ ਆਵੇਗੀ।

ਉਹਨਾਂ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਪਹਿਲਾਂ ਵਾਂਗ ਹੀ ਸੈਂਟਰ ਪੱਧਰ ਤੇ ਲਗਾਈਆਂ ਜਾਣ ਤਾਂ ਜੋ ਉਨਾਂ ਨੂੰ ਨਿੱਤ ਦੀ ਹੋਣ ਵਾਲੀ ਖੱਜਲ ਖਵਾਰੀ ਤੋਂ ਬਚਾਇਆ ਜਾ ਸਕੇ ਤੇ ਉਹ ਆਪਣੇ ਸਕੂਲ ਵੱਲ ਵੀ ਧਿਆਨ ਦੇ ਸਕਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।