ਮੋਗਾ, 20 ਫਰਵਰੀ, ਦੇਸ਼ ਕਲਿਕ ਬਿਊਰੋ :
ਮੋਗਾ ਵਿੱਚ ਬੁੱਧਵਾਰ ਰਾਤ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਵਾਪਰੀ ਹੈ। ਮੋਗਾ ਦੇ ਪਿੰਡ ਕਪੂਰੇ ਵਿੱਚ ਕਾਰ ਸਵਾਰ ਬਦਮਾਸ਼ਾਂ ਨੇ ਇੱਕ ਘਰ ‘ਤੇ ਤਾਬੜਤੋੜ ਗੋਲੀਆਂ ਚਲਾਈਆਂ। ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਜਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪੁਰਾਣੀ ਰੰਜ਼ਿਸ਼ ਕਾਰਨ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਫੈਲ ਗਈ ਹੈ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ, ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀਆਂ ਨੇ 8 ਤੋਂ 9 ਰਾਊਂਡ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ, ਮੋਗਾ ਦੇ ਪਿੰਡ ਕਪੂਰੇ ਵਿੱਚ ਬੁੱਧਵਾਰ ਰਾਤ ਪਿੰਡ ਦੇ ਵਿਅਕਤੀ ਮਨਜੀਤ ਸਿੰਘ ਦੇ ਘਰ ਇੱਕ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਕੁਝ ਅਣਪਛਾਤੇ ਵਿਅਕਤੀ ਆਏ। ਉਨ੍ਹਾਂ ਨੇ ਆ ਕੇ ਮਨਜੀਤ ਸਿੰਘ ਬਾਰੇ ਪੁੱਛਿਆ। ਉਸ ਸਮੇਂ ਮਨਜੀਤ ਦੇ ਘਰ ‘ਤੇ ਕੰਮ ਕਰਨ ਵਾਲਾ ਪਿੰਡ ਦਾ ਰਾਜਕੁਮਾਰ ਵੀ ਮੌਜੂਦ ਸੀ। ਜਦ ਰਾਜਕੁਮਾਰ ਨੇ ਬਾਹਰ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਰਾਜਕੁਮਾਰ ਦੇ ਪੇਟ ‘ਚ ਲੱਗੀ ਅਤੇ ਪਿੱਛੇ ਖੜ੍ਹੀ ਮਨਜੀਤ ਸਿੰਘ ਦੀ ਪਤਨੀ ਹਰਮਨਦੀਪ ਕੌਰ ਦੀ ਲੱਤ ‘ਚ ਵੀ ਇੱਕ ਗੋਲੀ ਲੱਗੀ। ਫਾਇਰਿੰਗ ਕਰਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਦੋਵਾਂ ਨੂੰ ਜਖ਼ਮੀ ਹਾਲਤ ਵਿੱਚ ਮੋਗਾ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਜਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਖ਼ਮੀ ਹਰਮਨਦੀਪ ਕੌਰ ਦਾ ਇਲਾਜ ਜਾਰੀ ਹੈ। ਮ੍ਰਿਤਕ ਰਾਜਕੁਮਾਰ ਪਿੰਡ ਕਪੂਰੇ ਦਾ ਰਹਿਣ ਵਾਲਾ ਸੀ, ਜੋ ਪਿਛਲੇ ਕਈ ਸਾਲਾਂ ਤੋਂ ਮਨਜੀਤ ਸਿੰਘ ਦੇ ਘਰ ‘ਤੇ ਕੰਮ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਦੀ ਪਿੰਡ ਦੇ ਕੁਝ ਲੋਕਾਂ ਨਾਲ ਪੁਰਾਣੀ ਰੰਜ਼ਿਸ਼ ਸੀ, ਜਿਸ ਦੇ ਚਲਦੇ ਹਮਲਾਵਰਾਂ ਨੇ ਮਨਜੀਤ ਦੇ ਘਰ ‘ਤੇ ਗੋਲੀਆਂ ਚਲਾਈਆਂ। ਪੁਲਿਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।
