ਖੇਮਕਰਨ, 25 ਫਰਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰ ਸਮੇਂ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਭੂਰਾ ਕੋਹਨਾ ਨੇੜੇ ਜਦੋਂ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ਉਤੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਗਈ, ਜਿਸ ਵਿੱਚ ਬਦਮਾਸ਼ਾਂ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦੀ ਵੀ ਖਬਰ ਹੈ। ਪੁਲਿਸ ਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ, ਜਿੰਨਾਂ ਦੀ ਪਹਿਚਾਣ ਪ੍ਰਕਾਸ਼ ਸਿੰਘ ਗੋਲਡੀ ਅਤੇ ਪ੍ਰਭਜੀਤ ਸਿੰਘ ਵਜੋਂ ਹੋਈ ਹੈ। ਆਰੋਪੀਆਂ ਕੋਲੋਂ 32 ਬੋਰ ਦਾ ਰਿਵਾਲਵਰ ਵੀ ਫੜ੍ਹਿਆ ਗਿਆ ਹੈ। ਇਨ੍ਹਾਂ ਬਦਮਾਸ਼ਾਂ ਵੱਲੋਂ ਪਿਛਲੇ ਦਿਨੀਂ ਖੇਮਕਰਨ ਦੇ ਇਕ ਦੁਕਾਨਦਾਰ ਤੇ ਪੈਟਰੋਲਪੰਪ ਦੇ ਮਾਲਕ ਕੋਲੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਇਸ ਤੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।