ਹਿਮਾਚਲ ‘ਚ ਮੀਂਹ ਕਾਰਨ ਤਬਾਹੀ, ਘਰਾਂ ‘ਚ ਪਾਣੀ ਵੜਿਆ, ਕਈ ਵਾਹਨ ਮਲਬੇ ‘ਚ ਦਬੇ, ਬੱਸ ਪਲਟਣ ਕਾਰਨ 4 ਜ਼ਖਮੀ
ਸ਼ਿਮਲਾ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਵਿੱਚ ਅੱਜ ਹੋਈ ਬਾਰਿਸ਼ ਕਾਰਨ ਭਾਰੀ ਤਬਾਹੀ ਹੋਈ ਹੈ। ਕੁੱਲੂ ਦੇ ਅਖਾੜਾ ਬਾਜ਼ਾਰ ‘ਚ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ। ਇਸ ਦੇ ਨਾਲ ਹੀ ਨਾਲੇ ਵਿੱਚ ਹੜ੍ਹ ਆਉਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਇਸ ਤੋਂ ਇਲਾਵਾ ਮਨਾਲੀ ਤੋਂ ਪਠਾਨਕੋਟ ਜਾ ਰਹੀ ਇੱਕ ਨਿੱਜੀ ਬੱਸ ਬਨਾਲਾ ਵਿੱਚ ਲੈਂਡਸਲਾਈਡ ਦੀ ਲਪੇਟ ਵਿੱਚ ਆ ਕੇ ਬੱਸ ਪਲਟ ਗਈ।ਇਸ ਹਾਦਸੇ ਵਿੱਚ ਡਰਾਈਵਰ-ਕੰਡਕਟਰ ਦੇ ਨਾਲ-ਨਾਲ ਦੋ ਸਵਾਰੀਆਂ ਵੀ ਜ਼ਖਮੀ ਹੋ ਗਈਆਂ।
ਇਹ ਬੱਸ ਸੜਕ ਕਿਨਾਰੇ ਬਣਾਈ ਦੀਵਾਰ ਕੋਲ ਜਾ ਕੇ ਰੁਕ ਗਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਤੋਂ ਇਲਾਵਾ ਭਾਰੀ ਬਰਫ਼ਬਾਰੀ ਕਾਰਨ ਪੂਰੇ ਲਾਹੌਲ-ਸਪੀਤੀ ਜ਼ਿਲ੍ਹੇ, ਚੰਬਾ ਦੀ ਪੰਗੀ ਅਤੇ ਕਿਨੌਰ ਜ਼ਿਲ੍ਹੇ ਦਾ ਸੰਪਰਕ ਟੁੱਟ ਗਿਆ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਸੱਭਿਆਚਾਰਕ ਪਰੇਡ ਵੀ ਮੁਲਤਵੀ ਕਰ ਦਿੱਤੀ ਗਈ ਹੈ।




