ਪਟਿਆਲ਼ਾ, 8 ਮਾਰਚ, ਦੇਸ਼ ਕਲਿਕ ਬਿਊਰੋ :
ਪਟਿਆਲਾ ਵਿੱਚ ਸ਼ੁੱਕਰਵਾਰ ਰਾਤ ਨਸ਼ਾ ਤਸਕਰ ਅਤੇ ਪੁਲਿਸ ਦੇ ਵਿਚਕਾਰ ਮੁਠਭੇਡ ਹੋਈ, ਜਿਸ ਵਿੱਚ ਨਸ਼ਾ ਤਸਕਰ ਜਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਤਸਕਰ ਹਥਿਆਰ ਦੀ ਰਿਕਵਰੀ ਕਰਵਾਉਣ ਲਈ ਪੁਲਿਸ ਨੂੰ ਪਟਿਆਲਾ ਦੇ ਬਿਜਲੀ ਬੋਰਡ ਦੇ ਸੁੰਨੇ ਪਏ ਕਵਾਰਟਰਾਂ ਵਿੱਚ ਲੈ ਕੇ ਆਇਆ ਸੀ, ਜਿੱਥੇ ਉਸ ਨੇ ਰਿਵਾਲਵਰ ਲੁਕਾਈ ਹੋਈ ਸੀ।
ਐੱਸ.ਐੱਸ.ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਮੁੱਠਭੇੜ ਪੁਲਿਸ ਦੀ ਐਂਟੀ-ਨਾਰਕੋਟਿਕਸ ਟੀਮ ਅਤੇ ਬਦਨਾਮ ਨਸ਼ਾ ਤਸਕਰ ਅਤੇ ਬਦਮਾਸ਼ ਦੇਵੀ ਦੇ ਵਿਚਕਾਰ ਹੋਈ। ਪੁਲਿਸ ਨੇ ਹਾਲ ਹੀ ਵਿੱਚ ਦੇਵੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ NDPS ਐਕਟ ਅਤੇ ਚੋਰੀ ਦੇ 25 ਮਾਮਲਿਆਂ ਵਿੱਚ ਵਾਂਟੇਡ ਸੀ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਅਪਰਾਧੀ ਕੋਲੋਂ 1100 ਪਾਬੰਦੀਸ਼ੁਦਾ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ। ਨਸ਼ੇ ਦੇ ਇਸ ਧੰਦੇ ਵਿੱਚ ਉਸ ਦੀ ਪਤਨੀ ਵੀ ਸ਼ਾਮਲ ਸੀ।
ਪੁੱਛਗਿੱਛ ਦੌਰਾਨ, ਦੇਵੀ ਨੇ ਖੁਲਾਸਾ ਕੀਤਾ ਕਿ ਉਸ ਨੇ PSPCL (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਸੁੰਨੇ ਪਏ ਕਵਾਰਟਰ ਵਿੱਚ ਹਥਿਆਰ ਛੁਪਾ ਰਖੇ ਸਨ। ਜਦੋਂ ਪੁਲਿਸ ਟੀਮ ਉਥੇ ਹਥਿਆਰ ਬਰਾਮਦ ਕਰਨ ਲਈ ਪਹੁੰਚੀ, ਤਾਂ ਬਦਮਾਸ਼ ਨੇ ਮੌਕੇ ਦਾ ਫਾਇਦਾ ਚੁੱਕਦਿਆਂ ASI ਤਾਰਾ ਚੰਦ ‘ਤੇ ਗੋਲੀ ਚਲਾ ਦਿੱਤੀ।
ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੇਵੀ ਨੇ ਰਿਵਾਲਵਰ ਕਵਾਰਟਰਾਂ ਵਿੱਚ ਲੁਕਾਈ ਹੋਈ ਸੀ। ਪਿਸਤੌਲ ਵਿੱਚ ਪੰਜ ਗੋਲੀਆਂ ਸਨ, ਅਤੇ ਇੱਕ ਗੋਲੀ ਪਿਸਤੌਲ ਦੇ ਅੰਦਰ ਸੀ। ਇਹੀ ਗੋਲੀ ਉਸ ਨੇ ASI ਤਾਰਾ ਸਿੰਘ ‘ਤੇ ਫਾਇਰ ਕੀਤੀ। ਜਵਾਬੀ ਕਾਰਵਾਈ ਵਿੱਚ ASI ਨੇ ਵੀ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਮਿਸ ਹੋ ਗਈ, ਪਰ ਦੂਜੀ ਗੋਲੀ ਬਦਮਾਸ਼ ਦੇਵੀ ਦੀ ਲੱਤ ‘ਚ ਲੱਗੀ।
Published on: ਮਾਰਚ 8, 2025 6:43 ਪੂਃ ਦੁਃ