ਅੰਮ੍ਰਿਤਸਰ: 10 ਮਾਰਚ, ਦੇਸ਼ ਕਲਿੱਕ ਬਿਓਰੋ
ਸਿੱਖ ਪੰਥ ਵਿਚ ਅਕਾਲ ਤਖਤ ਦੇ ਜਥੇਦਾਰ ਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਖਿਲਾਫ ਰੋਸ ਜਿੱਥੇ ਤੇਜ਼ੀ ਨਾਲ ਵਧ ਰਿਹਾ ਹੈ ਉੱਥੇ ਇਸ ਵਿਰੋਧ ਨੂੰ ਦੇਖਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਿਨਾਂ ਕਿਸੇ ਸਮਾਰੋਹ ਦੇ ਹੀ ਅੱਜ ਸਵੇਰੇ ਸਵੇਰੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸਿਰੋਪਾਓ ਲੈਣ ਤੋਂ ਬਾਅਦ ਚਾਰਜ ਸੰਭਾਲ ਲਿਆ ਹੈ।
ਉੱਧਰ ਨਿਹੰਗ ਜਥੇਬੰਦੀਆਂ ਨੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਆਪਣਾ ਅਹੁਦਾ ਗ੍ਰਹਿਣ ਕਰਨ ਦੇ ਮੌਕੇ ‘ਤੇ ਪਹਿਲੀ ਵਾਰ ਤਿੱਖਾ ਵਿਰੋਧ ਕਰਨ ਅਤੇ ਇਹ ਅਹੁਦਾ ਨਾ ਗ੍ਰਹਿਣ ਕਰਨ ਦੇਣ ਦਾ ਐਲਾਨ ਕੀਤਾ ਹੋਇਆ ਸੀ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਹੋਰ ਨਿਹੰਗ ਜਥੇਬੰਦੀਆਂ ਨੇ ਅੱਜ ਇਸ ਕਾਰਵਾਈ ਨੂੰ ਰੋਕਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਦਾ ਸੱਦਾ ਦਿੱਤਾ ਸੀ। ਉੱਧਰ ਦਮਦਮੀ ਟਕਸਾਲ ਨੇ ਵੀ ਇਸ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੇ ਰੋਸ ਵਿੱਚ ਜਿੱਥੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਵਧ ਗਿਆ ਹੈ ਉੱਥੇ ਭਾਰਤ ਵਿੱਚ ਵੀ ਵੱਖ ਵੱਖ ਅਕਾਲੀ ਗਰੁੱਪਾਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ‘ਚ ਵੀ ਭਾਰੀ ਰੋਸ ਪੈਦਾ ਹੋ ਗਿਆ ਹੈ। ਪੰਜਾਬ ਭਰ ਵਿੱਚ ਕੱਲ੍ਹ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਜ਼ੋਰ ਫੜਦੀ ਨਜ਼ਰ ਆ ਰਹੀ ਹੈ।
ਉੱਧਰ ਅਕਾਲੀ ਦਲ ਦੇ ਸੰਸਦੀ ਬੋਰਡ ਨੇ ਕੱਲ੍ਹ ਮੀਟਿੰਗ ਕਰਕੇ ਪਾਰਟੀ ਦੇ ਨੇਤਾਵਾਂ ਨੂੰ ਖੁੱਲੇਆਮ ਵਿਰੋਧ ਕਰਨ ‘ਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਪਾਰਟੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਨੋਟਿਸ ਭੇਜਣ ਦਾ ਐਲਾਨ ਕੀਤਾ ਹੈ।
ਅਕਾਲੀ ਸਫਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਪੰਥ ਵਿਰੋਧੀ, ਅਕਾਲ ਤਖਤ ਵਿਰੋਧੀ ਤੇ ਪੰਥਕ ਸੰਸਥਾਵਾਂ ਨੂੰ ਖੋਰਾ ਲਾਉਣ ਵਾਲਾ ਕਰਾਰ ਦਿੱਤਾ ਜਾ ਰਿਹਾ ਹੈ। ਅਜੇ ਤੱਕ ਇਸ ਘਟਨਾਕ੍ਰਮ ਦੀ ਸ਼ੁਰੂਆਤ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਭਾਵੇਂ ਚੁੱਪ ਹਨ ਪਰ ਉਹ ਸਥਿਤੀ ‘ਤੇ ਨੇੜਿਊਂ ਨਜ਼ਰ ਰੱਖ ਰਹੇ ਹਨ। ਅਕਾਲੀ ਹਲਕਿਆਂ ਦਾ ਕਹਿਣਾ ਹੈ ਕਿ ਅੱਜ ਦੀ ਵਿਸਫੋਟਕ ਸਥਿਤੀ ਅਸਲ ‘ਚ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਤੋਂ ਬਾਅਦ ਉਸ ਘਟਨਾ ਪ੍ਤਤੀ ਸੰਗਤ ‘ਚ ਪਏ ਤਿੱਖੇ ਰੋਸ ਕਾਰਨ ਬਣੀ ਹੋਈ ਹੈ ਜਿਸ ਦਾ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਵੇਗਾ। ਪਹਿਲਾਂ ਹੀ ਰਸਾਤਲ ‘ਚ ਪਹੁੰਚਿਆ ਅਕਾਲੀ ਦਲ ਹੁਣ ਹੋਰ ਡੁੰਘੀਆਂ ਨਿਵਾਣਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਨਿਹੰਗ ਜਥੇਬੰਦੀਆਂ ਅੱਜ ਆਨੰਦਪੁਰ ਸਾਹਿਬ ਪਹੁੰਚ ਕੇ ਕੀ ਰਣਨੀਤੀ ਅਪਣਾਉਂਦੀਆਂ ਹਨ, ਇਹ ਅਜੇ ਦੇਖਣ ਵਾਲੀ ਗੱਲ ਹੈ।
Published on: ਮਾਰਚ 10, 2025 10:37 ਪੂਃ ਦੁਃ