ਚੰਡੀਗੜ੍ਹ, 11 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ-4/9 ਦੀ ਸਿੰਗਲ ਰੋਡ ‘ਤੇ ਸੈਕਟਰ-4 ਪੈਟਰੋਲ ਪੰਪ ਨੇੜੇ ਸੋਮਵਾਰ ਰਾਤ ਕਰੀਬ 8 ਵਜੇ ਇਕ ਤੇਜ਼ ਰਫਤਾਰ ਪੋਰਸ਼ ਕਾਰ ਚਾਲਕ ਨੇ ਗਲਤ ਸਾਈਡ ‘ਤੇ ਆ ਕੇ ਐਕਟਿਵਾ ਚਾਲਕ ਨੂੰ ਸਾਹਮਣੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਐਕਟਿਵਾ ਚਲਾ ਰਹੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਚਕਨਾਚੂਰ ਹੋ ਗਈ।
ਇਸ ਤੋਂ ਬਾਅਦ ਵੀ ਪੋਰਸ਼ ਡਰਾਈਵਰ ਨਹੀਂ ਰੁਕਿਆ। ਉਸ ਨੇ ਐਕਟਿਵਾ ’ਤੇ ਜਾ ਰਹੀਆਂ ਦੋ ਲੜਕੀਆਂ ਨੂੰ ਵੀ ਟੱਕਰ ਮਾਰ ਦਿੱਤੀ, ਜੋ ਜ਼ਖ਼ਮੀ ਹੋ ਗਈਆਂ। ਫਿਰ ਪੋਰਸ਼ ਸਵਾਰ ਨੇ ਸਾਈਕਲ ਟਰੈਕ ‘ਤੇ ਸੜਕ ਦੇ ਖੰਭੇ ਅਤੇ ਸਾਈਨ ਬੋਰਡ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਪੋਰਸ਼ ਦਾ ਬੰਪਰ ਮੁੜ ਗਿਆ ਅਤੇ ਉਹ ਰੁਕ ਗਿਆ। ਪੋਰਸ਼ ਸਵਾਰ ਦੀ ਪਛਾਣ ਸੰਜੀਵ ਭਭੋਤਾ (43) ਵਾਸੀ ਪੰਚਕੂਲਾ ਵਜੋਂ ਹੋਈ ਹੈ।
