ਸਪੀਕਰ ਸੰਧਵਾਂ ਨੇ NCERT “ਪੰਜਾਬੀ ਪ੍ਰਾਈਮਰ” ਪਾਠ ਪੁਸਤਕ ‘ਚ ਜ਼ਰੂਰੀ ਸੁਧਾਰਾਂ ਸਬੰਧੀ ਕੇਂਦਰੀ ਦੇ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ

ਪੰਜਾਬ

ਚੰਡੀਗੜ੍ਹ, 17 ਮਾਰਚ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਇੱਕ ਅਰਧ-ਸਰਕਾਰੀ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.), ਨਵੀਂ ਦਿੱਲੀ ਅਧੀਨ ਪ੍ਰਕਾਸ਼ਿਤ ਪੰਜਾਬੀ ਪਾਠ ਪੁਸਤਕ “ਪੰਜਾਬੀ ਪ੍ਰਾਈਮਰ” (ਪੰਜਾਬੀ ਕਾਇਦਾ) ਵਿੱਚ ਕਈ ਗਲਤੀਆਂ ਵੱਲ ਦਿਵਾਇਆ ਹੈ। ਇਹ ਕਿਤਾਬ ਬਾਲਵਾਟਿਕਾ/ਆਂਗਣਵਾੜੀ ਪੱਧਰ ਦੇ ਬੱਚਿਆਂ ਅਤੇ ਬਾਲਗ ਸਾਖਰਤਾ ਪ੍ਰੋਗਰਾਮਾਂ ਲਈ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਪੈਲਿੰਗ ਅਤੇ ਤੱਥਾਂ, ਖਾਸ ਕਰਕੇ ਪੰਜਾਬੀ ਵਰਣਮਾਲਾ ਦੇ ਪ੍ਰਕਾਸ਼ਨ ਵਿੱਚ ਕਈ ਗਲਤੀਆਂ ਹਨ।

ਉਨ੍ਹਾਂ ਦੱਸਿਆ ਕਿ ਉਕਤ ਕਿਤਾਬ ਵਿੱਚ ਸਭ ਤੋਂ ਵੱਡੀਆਂ ਗਲਤੀਆਂ ਵਿੱਚੋਂ ਇੱਕ ਇਹ ਹੈ ਕਿ ਪੰਜਾਬੀ ਵਰਣਮਾਲਾ ਨੂੰ ਸਹੀ ਤਰਤੀਬ “ਓ” ਦੀ ਬਜਾਏ “ਅ” ਤੋਂ ਗਲਤ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਹੈ। ਅਜਿਹੀਆਂ ਬੁਨਿਆਦੀ ਗਲਤੀਆਂ ਨਾ ਸਿਰਫ਼ ਨੌਜਵਾਨ ਸਿਖਿਆਰਥੀਆਂ ਨੂੰ ਗੁੰਮਰਾਹ ਕਰਦੀਆਂ ਹਨ ਬਲਕਿ ਬਾਲਗਾਂ ਲਈ ਸਾਖਰਤਾ ਪਹਿਲਕਦਮੀਆਂ ਦੀ ਪ੍ਰਭਾਵਸ਼ੀਲਤਾ ਨੂੰ ਵੀ ਕਮਜ਼ੋਰ ਕਰਦੀਆਂ ਹਨ। ਸ. ਸੰਧਵਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਵਿਦਿਅਕ ਸਮੱਗਰੀ, ਖਾਸ ਕਰਕੇ ਬੁਨਿਆਦੀ ਸਿੱਖਿਆ ਲਈ ਤਿਆਰ ਕੀਤੀਆਂ ਗਈਆਂ ਸਮੱਗਰੀਆਂ ਵਿੱਚ  ਸ਼ੁੱਧਤਾ ਅਤੇ ਪ੍ਰਮਾਣਿਕਤਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਿਆ ਜਾਵੇ।

ਉਨ੍ਹਾਂ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਉਹ ਪੰਜਾਬੀ ਭਾਸ਼ਾ ਦੇ ਯੋਗ ਮਾਹਰਾਂ ਅਤੇ ਵਿਦਵਾਨਾਂ ਤੋਂ ਇਸ ਪਾਠ ਪੁਸਤਕ ਦੀ ਤੁਰੰਤ ਸਮੀਖਿਆ ਅਤੇ ਸੋਧ ਕਰਵਾਉਣ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀਆਂ ਨੂੰ ਸਹੀ ਅਤੇ ਭਰੋਸੇਯੋਗ ਸਮੱਗਰੀ ਮਿਲੇ। ਇਸ ਤੋਂ ਇਲਾਵਾ  ਉਨ੍ਹਾਂ ਕਿਹਾ ਕਿ ਅਜਿਹੀਆਂ ਗਲਤੀਆਂ ਨੂੰ ਰੋਕਣ ਵਾਸਤੇ ਆਉਣ ਵਾਲੇ ਸਮੇਂ ‘ਚ ਹੋਣ ਵਾਲੀਆਂ ਸਾਰੀਆਂ ਪ੍ਰਕਾਸ਼ਨਾਵਾਂ ਲਈ ਇੱਕ ਸਖ਼ਤ ਸੰਪਾਦਕੀ ਅਤੇ ਗੁਣਵੱਤਾ-ਜਾਂਚ ਪ੍ਰਕਿਰਿਆ ਸਥਾਪਤ ਕਰਨਾ ਬਹੁਤ ਜ਼ਰੂਰੀ ਹੈ।

ਸਪੀਕਰ ਸੰਧਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡੇ ਦੇਸ਼ ਵਿੱਚ ਬੁਨਿਆਦੀ ਸਿੱਖਿਆ ਅਤੇ ਸਾਖਰਤਾ ਪ੍ਰੋਗਰਾਮਾਂ ਦੀ ਸਫ਼ਲਤਾ ਲਈ ਗਲਤੀ-ਮੁਕਤ ਸਿੱਖਣ ਸਮੱਗਰੀ ਨੂੰ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਤੁਰੰਤ ਦਖਲ ਦੇਣ ਦੀ ਬੇਨਤੀ ਵੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।