ਮੋਹਾਲੀ, 18 ਮਾਰਚ, ਦੇਸ਼ ਕਲਿਕ ਬਿਊਰੋ :
ਮੋਹਾਲੀ ‘ਚ ਇਕ ਵਿਆਹ ਸਮਾਗਮ ਦੌਰਾਨ ਸਟੇਜ ‘ਤੇ ਡਾਂਸ ਕਰ ਰਹੇ ਇਕ ਵਿਅਕਤੀ ਨੇ ਪਹਿਲਾਂ ਹਵਾ ‘ਚ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਜਦੋਂ ਉਹ ਆਪਣੀ ਪਿਸਤੌਲ ਜੇਬ ਵਿੱਚ ਪਾਉਣ ਲੱਗਾ ਤਾਂ ਪਿਸਤੌਲ ਵਿੱਚੋਂ ਇੱਕ ਹੋਰ ਗੋਲੀ ਚੱਲ ਗਈ। ਹਾਲਾਂਕਿ ਇਸ ਘਟਨਾ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਦੂਜੇ ਪਾਸੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਦੌਰਾਨ ਮੁਹਾਲੀ ਪੁਲੀਸ ਨੇ ਕਾਰਵਾਈ ਕਰਦਿਆਂ ਐਫ.ਆਈ.ਆਰ. ਦਰਜ ਕੀਤੀ ਹੈ।ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਮੁਤਾਬਕ ਇਹ ਮਾਮਲਾ ਏਅਰਪੋਰਟ ਦੇ ਨਾਲ ਲੱਗਦੇ ਸੈਕਟਰ 101, ਸੈਣੀ ਮਾਜਰਾ ਦਾ ਹੈ। ਜਦੋਂ ਇਹ ਘਟਨਾ ਵਾਪਰੀ, ਉਦੋਂ ਤਿੰਨ ਦੇ ਕਰੀਬ ਨੌਜਵਾਨ ਸਟੇਜ ‘ਤੇ ਡਾਂਸ ਕਰ ਰਹੇ ਸਨ। ਜਿਵੇਂ ਹੀ ਵਿਅਕਤੀ ਨੇ ਹਵਾ ‘ਚ ਗੋਲੀ ਚਲਾਈ ਤਾਂ ਤਿੰਨ ਹੋਰ ਨੌਜਵਾਨ ਸਟੇਜ ‘ਤੇ ਆ ਗਏ ਅਤੇ ਨੱਚਣ ਲੱਗੇ। ਹਾਲਾਂਕਿ ਇਕ ਵਿਅਕਤੀ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ।
ਸਭ ਕੁਝ ਆਮ ਵਾਂਗ ਚੱਲ ਰਿਹਾ ਸੀ ਪਰ ਜਦੋਂ ਉਕਤ ਵਿਅਕਤੀ ਆਪਣੀ ਪਿਸਤੌਲ ਜੇਬ ਵਿਚ ਪਾਉਣ ਲੱਗਾ ਤਾਂ ਅਚਾਨਕ ਟਰਿੱਗਰ ਦਬ ਗਿਆ ਅਤੇ ਗੋਲੀ ਚੱਲ ਗਈ। ਹਾਲਾਂਕਿ ਗੋਲੀ ਡੀਜੇ ਸਿਸਟਮ ਵੱਲ ਜਾਣ ਕਾਰਨ ਸਾਰੇ ਸੁਰੱਖਿਅਤ ਰਹੇ। ਇਸ ਤੋਂ ਬਾਅਦ ਸਾਰੇ ਸਟੇਜ ਤੋਂ ਹੇਠਾਂ ਉਤਰ ਗਏ ਪਰ ਘਟਨਾ ਦੀ ਵੀਡੀਓ ਵਾਇਰਲ ਹੋ ਗਈ।
