ਚੰਡੀਗੜ੍ਹ, 22 ਮਾਰਚ, ਦੇਸ਼ ਕਲਿਕ ਬਿਊਰੋ :
ਬੀਤੇ ਦਿਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ‘ਚ ਕੋਈ ਬਦਲਾਅ ਨਹੀਂ ਦੇਖਿਆ ਗਿਆ। ਪਰ ਇਹ ਆਮ ਨਾਲੋਂ 2.9 ਡਿਗਰੀ ਸੈਲਸੀਅਸ ਵੱਧ ਸੀ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਸੂਬੇ ਦੇ ਤਾਪਮਾਨ ‘ਚ ਔਸਤਨ 4 ਡਿਗਰੀ ਦਾ ਵਾਧਾ ਹੋਵੇਗਾ।
ਪੱਛਮੀ ਗੜਬੜੀ ਦਾ ਪ੍ਰਭਾਵ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਜਾਰੀ ਹੈ। ਜਿਸ ਕਾਰਨ ਅੱਜ ਪੰਜਾਬ ਦੇ ਤਾਪਮਾਨ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ‘ਚ ਤਾਪਮਾਨ ਵਧ ਸਕਦਾ ਹੈ। ਪਰ ਰਾਤਾਂ ਠੰਡੀਆਂ ਹਨ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਲਗਭਗ 10 ਤੋਂ 15 ਡਿਗਰੀ ਦਾ ਅੰਤਰ ਦੇਖਿਆ ਜਾ ਸਕਦਾ ਹੈ।
ਮੌਸਮ ਕੇਂਦਰ ਮੁਤਾਬਕ ਆਉਣ ਵਾਲੇ ਇੱਕ ਹਫ਼ਤੇ ਤੱਕ ਪੰਜਾਬ ਵਿੱਚ ਨਾ ਤਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ ਅਤੇ ਨਾ ਹੀ ਬਾਰਿਸ਼ ਹੋਵੇਗੀ। ਅਸਮਾਨ ਸਾਫ਼ ਹੋਵੇਗਾ ਅਤੇ ਸੂਰਜ ਚਮਕੇਗਾ। ਜਿਸ ਕਾਰਨ ਪੰਜਾਬ ਦਾ ਤਾਪਮਾਨ 4 ਡਿਗਰੀ ਵੱਧ ਸਕਦਾ ਹੈ।

ਪੰਜਾਬ ‘ਚ ਤਾਪਮਾਨ ਵਧਣ ਲੱਗਾ, ਰਾਤਾਂ ਠੰਢੀਆਂ
Published on: March 22, 2025 7:20 am