ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਨਾਲ ਮਿਲ ਕੇ ਬਾਗੋ ਬਾਗ ਹੋਏ ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਦੇ ਵਿਦਿਆਰਥੀ 

ਸਿੱਖਿਆ \ ਤਕਨਾਲੋਜੀ

ਦਲਜੀਤ ਕੌਰ 

ਘਨੌਰੀ ਕਲਾਂ/ਧੂਰੀ/ਸੰਗਰੂਰ, 29 ਮਾਰਚ, 2025: ਅੱਜ ਮੈਗਾ ਮਾਪੇ ਅਧਿਆਪਕ ਮਿਲਣੀ (ਪੀ.ਟੀ.ਐਮ) ਮੌਕੇ ਵਿਸ਼ੇਸ਼ ਤੌਰ ਉੱਤੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਘਨੌਰੀ ਕਲਾਂ ਦੇ ਸਕੂਲ ਆਫ ਐਮੀਨੈਂਸ ਵਿਖੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨ ਲਈ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਸ੍ਰੀ ਮਨੀਸ਼ ਸਿਸੋਦੀਆ ਦੇ ਨਾਲ ਮਿਲ ਕੇ ਸਕੂਲੀ ਵਿਦਿਆਰਥੀ, ਮਾਪੇ ਤੇ ਸਕੂਲੀ ਸਟਾਫ਼ ਕਾਫੀ ਉਤਸ਼ਾਹਿਤ ਹਨ। 

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੋਵਾਂ ਹੀ ਪ੍ਰਮੁੱਖ ਸ਼ਖਸ਼ੀਅਤਾਂ ਦੇ ਵਿਚਾਰ ਸੁਣਨ ਤੋਂ ਬਾਅਦ 11ਵੀ ਜਮਾਤ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਬਹੁਤ ਮਿਹਨਤ ਕਰਦੇ ਹਨ ਅਤੇ ਸਮੇਂ ਸਮੇਂ ਤੇ ਹੱਲਾਸ਼ੇਰੀ ਦਿੰਦੇ ਹੋਏ ਵੱਡੇ ਸੁਧਾਰਾਂ ਨੂੰ ਯਕੀਨੀ ਬਣਾਉਂਦੇ ਹਨ ਅਤੇ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ। 

 ਇਸ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਵਾਸੀ ਪਿੰਡ ਮੂਲੋਵਾਲ ਨੇ ਕਿਹਾ ਕਿ ਪਹਿਲਾਂ ਦੂਰ ਦੁਰਾਡੇ ਪਿੰਡਾਂ ਦੀਆਂ ਕੁੜੀਆਂ ਨੂੰ ਸਾਧਨ ਨਾ ਹੋਣ ਕਾਰਨ ਉਚੇਰੀ ਸਿੱਖਿਆ ਤੋਂ ਵਾਂਝਾ ਰਹਿਣਾ ਪੈਂਦਾ ਸੀ ਪਰ ਸਕੂਲ ਆਫ ਐਮੀਨੈਂਸ ਵੱਲੋ 4 ਬੱਸਾਂ ਦੀ ਸੁਵਿਧਾ ਮਿਲਣ ਨਾਲ ਇਸ ਮੁਸ਼ਕਿਲ ਦਾ ਵੀ ਹੱਲ ਹੋ ਗਿਆ ਹੈ ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ। 

ਗਿਆਰਵੀਂ ਕਲਾਸ ਦੇ ਕਾਮਰਸ ਗਰੁੱਪ ਦੇ ਵਿਦਿਆਰਥੀ ਯੁਵਰਾਜ ਸਿੰਘ, ਜਿਸ ਨੇ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਨੇ ਦੱਸਿਆ ਕਿ ਅੱਜ ਦੇ ਪਲ ਹਮੇਸ਼ਾਂ ਲਈ ਉਸਦੀ ਯਾਦ ਦਾ ਹਿੱਸਾ ਬਣ ਗਏ ਹਨ ਕਿਉ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਬਹੁਤ ਹੌਂਸਲਾ ਅਫ਼ਜਾਈ ਕੀਤੀ ਹੈ ਅਤੇ ਉਹ ਯਕੀਨੀ ਤੌਰ ਉੱਤੇ ਮਿਹਨਤ ਲਗਨ ਅਤੇ ਦ੍ਰਿੜਤਾ ਨਾਲ ਜ਼ਿੰਦਗੀ ਵਿੱਚ ਵੱਡੇ ਮੁਕਾਮ ਹਾਸਲ ਕਰੇਗਾ। 

ਸਕੂਲ ਦੇ ਪ੍ਰਿੰਸੀਪਲ ਸ੍ਰੀ ਖੁਸ਼ਦੀਪ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਤਰਵਿੰਦਰ ਕੌਰ ਦੀ ਅਗਵਾਈ ਹੇਠ ਇਸ ਸਕੂਲ ਦੀ ਹਰ ਜਰੂਰਤ ਨੂੰ ਤਰਜੀਹ ਦੇ ਆਧਾਰ ਉਤੇ ਪੂਰਾ ਕਰਵਾਇਆ ਜਾ ਰਿਹਾ ਹੈ ਅਤੇ ਵਿਦਿਆਰਥੀ ਨਾ ਕੇਵਲ ਪੜ੍ਹਾਈ ਬਲਕਿ ਖੇਡਾਂ ਅਤੇ ਸਭਿਆਚਾਰਕ ਮੁਕਾਬਲਿਆਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾ ਕੇ ਵਿਦਿਆਰਥੀ ਵਰਗ ਨੂੰ ਤਰਾਸ਼ਣ ਲਈ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਅਤੇ ਇੱਥੇ ਪੜਨ ਵਾਲੇ ਸੈਂਕੜੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਤੌਰ ਉੱਤੇ ਧੰਨਵਾਦੀ ਹਨ।

11ਵੀ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਬਹਾਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਰਵੋਤਮ ਸੁਵਿਧਾਵਾਂ ਉਪਲਬਧ ਕਰਵਾ ਕੇ ਨੇਕ ਕਾਰਜ ਕੀਤਾ ਗਿਆ ਹੈ ਜਿਸ ਲਈ ਲੋਕ ਹਮੇਸ਼ਾਂ ਰਿਣੀ ਰਹਿਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।