ਚੰਡੀਗੜ੍ਹ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਹਿਮਾਚਲ ਵਿਖੇ ਧਰਮਸ਼ਾਲਾ ਦੇ ਮੈਕਲੋਡਗੰਜ ‘ਚ ਸੈਲਫੀ ਲੈਂਦੇ ਸਮੇਂ ਖੂਹ ‘ਚ ਡਿੱਗਣ ਕਾਰਨ ਇਕ ਪੰਜਾਬੀ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਟਿਨ ਵਾਸੀ ਬਟਾਲਾ ਪ੍ਰੇਮ ਨਗਰ, ਪੰਜਾਬ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮੈਡੀਕਲ ਵਿਦਿਆਰਥੀ ਜਸਟਿਨ ਭਾਗਸੁਨਾਗ ਵਾਟਰਫਾਲ ਨੇੜੇ ਸੈਲਫੀ ਲੈ ਰਿਹਾ ਸੀ। ਉਹ ਮੰਗਲਵਾਰ ਸ਼ਾਮ 7 ਵਜੇ ਆਪਣੇ ਦੋ ਦੋਸਤਾਂ ਆਸ਼ੀਸ਼ ਅਤੇ ਪੀਟਰ ਨਾਲ ਝਰਨੇ ‘ਤੇ ਘੁੰਮਣ ਆਇਆ ਸੀ। ਸੈਲਫੀ ਲੈਂਦੇ ਸਮੇਂ ਉਸ ਦਾ ਪੈਰ ਇਕ ਪੱਥਰ ‘ਤੋਂ ਫਿਸਲ ਗਿਆ।
ਇਸ ਕਾਰਨ ਉਹ ਪਾਣੀ ਨਾਲ ਭਰੇ ਡੂੰਘੇ ਖੂਹ ਵਿੱਚ ਡਿੱਗ ਗਿਆ। ਉਸ ਦੇ ਦੋਸਤਾਂ ਵਲੋਂ ਰੌਲਾ ਪਾਉਣ ‘ਤੇ ਸਥਾਨਕ ਨੌਜਵਾਨਾਂ ਨੇ ਉਸ ਨੂੰ ਪਾਣੀ ‘ਚੋਂ ਬਾਹਰ ਕੱਢਿਆ। ਸਥਾਨਕ ਲੋਕਾਂ ਨੇ ਜਸਟਿਨ ਨੂੰ ਤੁਰੰਤ ਟੈਕਸੀ ਰਾਹੀਂ ਜ਼ੋਨਲ ਹਸਪਤਾਲ ਧਰਮਸ਼ਾਲਾ ਪਹੁੰਚਾਇਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇੱਥੋਂ ਦੇ ਡਾਕਟਰਾਂ ਨੇ ਉਸ ਨੂੰ ਟਾਂਡਾ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਉਸ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਮੈਕਲੋਡਗੰਜ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲੀਸ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ। ਕਾਂਗੜਾ ਪੁਲਿਸ ਨੇ ਸੈਲਾਨੀਆਂ ਨੂੰ ਭਾਗਸੁਨਾਗ ਝਰਨੇ ਵਰਗੀਆਂ ਥਾਵਾਂ ‘ਤੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
