ਲੁਧਿਆਣਾ, 4 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਰਾਤ ਜਾਗੋ (Jaggo) ਸਮਾਗਮ ਦੌਰਾਨ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਡੀਜੇ ‘ਤੇ ਨੱਚ ਰਹੇ ਇਕ ਸੁਨਿਆਰੇ ਦੀ ਛਾਤੀ ਅਤੇ ਲੱਕ ‘ਤੇ ਗੋਲੀਆਂ ਲੱਗੀਆਂ ਹਨ। ਪੁਲਿਸ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਗੋਲੀ ਕਿਸ ਨੇ ਚਲਾਈ। ਮਾਮਲਾ ਸ਼ੱਕੀ ਹੈ।
ਜਗਰਾਉਂ ਕਸਬੇ ਦੇ ਪਿੰਡ ਮਲਕ ਵਿੱਚ ਜਾਗੋ ਸਮਾਗਮ ਵਿੱਚ ਡੀਜੇ ਵੱਜ ਰਿਹਾ ਸੀ। ਡੀਜੇ ਦੀ ਅਵਾਜ਼ ਨਾਲ ਗੋਲੀ ਦੀ ਆਵਾਜ਼ ਵੀ ਦਬ ਗਈ। ਲੋਕਾਂ ਨੂੰ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਸੁਨਿਆਰਾ ਜ਼ਖਮੀ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਖੂਨ ਨਾਲ ਲੱਥਪੱਥ ਸੁਨਿਆਰੇ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਨਿਆਰੇ ਦੀ ਪਛਾਣ ਪਰਮਿੰਦਰ ਸਿੰਘ ਉਰਫ ਲਵਲੀ ਵਜੋਂ ਹੋਈ ਹੈ। ਇਲਾਕੇ ਵਿੱਚ ਚਰਚਾ ਹੈ ਕਿ ਕਰੀਬ 6 ਮਹੀਨੇ ਪਹਿਲਾਂ ਲਵਲੀ ਨੂੰ ਵੀ ਧਮਕੀ ਮਿਲੀ ਸੀ। ਪੁਲਿਸ ਇਸ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਜਾਗੋ ਸਮਾਗਮ ਵਿੱਚ ਸ਼ਾਮਲ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਡਾਕਟਰ ਸ਼ੀਤਲ ਅਨੁਸਾਰ ਇਕ ਗੋਲੀ ਲਵਲੀ ਦੀ ਛਾਤੀ ਦੇ ਖੱਬੇ ਪਾਸੇ ਅਤੇ ਦੂਜੀ ਉਸ ਦੇ ਪੇਟ ਦੇ ਹੇਠਲੇ ਹਿੱਸੇ ਵਿਚ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਧਮਕੀ ਦੇਣ ਵਾਲਿਆਂ ਨੇ ਮੁੱਲਾਂਪੁਰ ਵਿੱਚ ਲਵਲੀ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ਵਿੱਚ ਮੁੱਲਾਂਪੁਰ ਦਾਖਾ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਹਮਲਾਵਰ ਮੋਗਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲੰਮਾ ਸਮਾਂ ਲਵਲੀ ਨੂੰ ਸੁਰੱਖਿਆ ਦਿੱਤੀ ਹੋਈ ਸੀ ਪਰ ਫਿਰ ਉਸ ਦੀ ਸੁਰੱਖਿਆ ਹਟਾ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੇ ਆਪਣੇ ਨਿੱਜੀ ਸੁਰੱਖਿਆ ਗਾਰਡ ਰੱਖੇ ਹੋਏ ਸਨ।

ਜਾਗੋ ਦੌਰਾਨ ਨੱਚ ਰਹੇ ਵਿਅਕਤੀ ਨੂੰ ਮਾਰੀਆਂ ਗੋਲੀਆਂ, ਮੌਤ, ਮਿਲੀ ਸੀ ਧਮਕੀ
Published on: April 4, 2025 9:34 am