ਲੁਧਿਆਣਾ, 8 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦਿਹਾਤੀ ਖੇਤਰ ‘ਚ ਥਾਣਾ ਸਿੱਧਵਾਂ ਬੇਟ ਨੇੜੇ ਸਥਾਨਕ ਲੋਕਾਂ ਨੇ ਔਰਤ ਨੂੰ ਲੁੱਟਣ (robbing a woman) ਤੋਂ ਬਾਅਦ ਭੱਜ ਰਹੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਏਐਸਆਈ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਬਾਈਕ ਸਵਾਰ ਦੋ ਨੌਜਵਾਨਾਂ ਨੇ ਬੱਸ ਸਟੈਂਡ ਵੱਲ ਜਾ ਰਹੀ ਇਕ ਔਰਤ ਤੋਂ ਲਿਫਾਫਾ ਖੋਹ ਲਿਆ। ਔਰਤ ਨੇ ਰੌਲਾ ਪਾਇਆ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਲੁਟੇਰਿਆਂ ਨੂੰ ਫੜ ਲਿਆ। ਫੜੇ ਗਏ ਮੁਲਜ਼ਮਾਂ ਵਿੱਚ ਗੁਰਦੀਪ ਸਿੰਘ ਉਰਫ ਦੀਪ ਅਤੇ ਮਨਦੀਪ ਸਿੰਘ ਉਰਫ ਮੱਤੀ ਸ਼ਾਮਲ ਹਨ। ਸਥਾਨਕ ਲੋਕਾਂ ਮੁਤਾਬਕ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ। ਉਹ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ।
ਘਟਨਾ ਥਾਣਾ ਸਦਰ ਨੇੜੇ ਵਾਪਰੀ। ਪੁਲੀਸ ਅਧਿਕਾਰੀ ਏਐਸਆਈ ਗੁਰਮੀਤ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ 750 ਰੁਪਏ ਬਰਾਮਦ ਹੋਏ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published on: ਅਪ੍ਰੈਲ 8, 2025 1:28 ਬਾਃ ਦੁਃ