ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਜੋੜ ਮੇਲੇ ਦੌਰਾਨ ਹਾਦਸਾ, ਕਰੰਟ ਲੱਗਣ ਕਾਰਨ 1 ਸ਼ਰਧਾਲੂ ਦੀ ਮੌਤ 2 ਜ਼ਖਮੀ
ਬਠਿੰਡਾ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਬਠਿੰਡਾ ‘ਚ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਜੋੜ ਮੇਲੇ ਦੌਰਾਨ ਹਾਦਸਾ ਵਾਪਰਿਆ ਹੈ।ਤਖ਼ਤ ਸਾਹਿਬ ਦੇ ਸਾਹਮਣੇ ਲੱਗੇ ਲੋਹੇ ਦੇ ਪੋਲ ‘ਚ ਕਰੰਟ ਆਉਣ ਕਾਰਨ ਤਿੰਨ ਸ਼ਰਧਾਲੂਆਂ ਨੂੰ ਕਰੰਟ ਲੱਗ ਗਿਆ। ਡਾਕਟਰਾਂ ਨੇ ਇੱਕ ਸ਼ਰਧਾਲੂ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਖ਼ਮੀ ਸ਼ਰਧਾਲੂ ਸਤਪਾਲ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਲੋਹੇ ਦੇ ਪੋਲਾਂ ’ਤੇ ਪੱਖੇ ਲਾਏ ਹੋਏ ਸਨ। ਇਸੇ ਦੌਰਾਨ ਇੱਕ ਪੋਲ ਵਿੱਚ ਅਚਾਨਕ ਬਿਜਲੀ ਦਾ ਕਰੰਟ ਆ ਗਿਆ। ਇਸ ਕਾਰਨ ਉਥੇ ਹਫੜਾ-ਦਫੜੀ ਮਚ ਗਈ। ਤਿੰਨੋਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾਇਆ ਗਿਆ।
ਉਨ੍ਹਾਂ ਦਾ ਇਲਾਜ ਡਾਕਟਰ ਜਗਰੂਪ ਸਿੰਘ ਦੀ ਦੇਖ-ਰੇਖ ਹੇਠ ਹਸਪਤਾਲ ਵਿੱਚ ਸ਼ੁਰੂ ਕੀਤਾ ਗਿਆ। ਡਾਕਟਰਾਂ ਨੇ ਇੱਕ ਸ਼ਰਧਾਲੂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਸੂਰਤੀਆ ਦੇ ਰਹਿਣ ਵਾਲੇ ਭਿੰਦਰ ਸਿੰਘ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪਲ ਦੇ ਸਤਪਾਲ ਸਿੰਘ ਅਤੇ ਕੁਲਵੀਰ ਸਿੰਘ ਸ਼ਾਮਲ ਹਨ। ਦੋਵਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।

Published on: ਅਪ੍ਰੈਲ 13, 2025 6:07 ਬਾਃ ਦੁਃ