ਨਿਊਯਾਰਕ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਨਿਊਯਾਰਕ ਰਾਜ ਵਿੱਚ ਇੱਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਪੰਜਾਬ ਵਿੱਚ ਜਨਮੀ ਇੱਕ ਸਰਜਨ, ਉਸਦੇ ਦੋ ਬੱਚੇ, ਉਨ੍ਹਾਂ ਦੇ ਸਾਥੀ ਅਤੇ ਪਤੀ ਦੀ ਮੌਤ ਹੋ ਗਈ। ਮ੍ਰਿਤਕ ਪਤੀ ਹੀ ਜਹਾਜ਼ ਚਲਾ ਰਿਹਾ ਸੀ।
ਜੌਇ ਸੈਣੀ ਦੇ ਪਰਿਵਾਰ ਨੇ ਐਤਵਾਰ ਨੂੰ ਮੀਡੀਆ ਨੂੰ ਜਾਰੀ ਇਕ ਬਿਆਨ ਵਿੱਚ ਹਾਦਸੇ ਬਾਰੇ ਦੱਸਿਆ।
ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚ ਅਧਿਕਾਰੀ ਐਲਬਰਟ ਨਿਕਸਨ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਨੂੰ ਹੋਇਆ ਜਦੋਂ ਉਨ੍ਹਾਂ ਦਾ ਮਿਤਸੂਬਿਸ਼ੀ MU2B ਜਹਾਜ਼ ਕੋਲੰਬੀਆ ਕਾਉਂਟੀ ਏਅਰਪੋਰਟ ’ਤੇ ਉਤਰਣ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਨਿਊਯਾਰਕ ਸ਼ਹਿਰ ਤੋਂ ਲਗਭਗ 200 ਕਿ.ਮੀ. ਦੂਰ ਹੈ।
ਉਨ੍ਹਾਂ ਕਿਹਾ ਕਿ ਪਾਇਲਟ ਨੇ ਪਹਿਲੀ ਕੋਸ਼ਿਸ਼ ਵਿੱਚ ਲੈਂਡਿੰਗ ਨਹੀਂ ਕੀਤੀ ਅਤੇ ਦੁਬਾਰਾ ਕੋਸ਼ਿਸ਼ ਕਰਨ ਦੀ ਇਜਾਜ਼ਤ ਲਈ। ਪਰ ਏਅਰ ਟਰੈਫਿਕ ਕੰਟਰੋਲਰ ਨੇ ਜਹਾਜ਼ ਨੂੰ ਹੱਦ ਤੋਂ ਘੱਟ ਉਚਾਈ ’ਤੇ ਦੇਖਿਆ ਅਤੇ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ, ਜੋ ਅਸਫਲ ਰਹੀ।
ਜਹਾਜ਼ ਨਿਊਯਾਰਕ ਸ਼ਹਿਰ ਦੇ ਉਪਨਗਰ ਵਿੱਚ ਸਥਿਤ ਵੈਸਟਚੈਸਟਰ ਏਅਰਪੋਰਟ ਤੋਂ ਉਡਾਣ ਭਰ ਕੇ ਨਿਕਲਿਆ ਸੀ ਅਤੇ ਹਾਦਸਾ ਮੈਸੇਚੂਸੇਟਸ ਸਟੇਟ ਦੀ ਸਰਹੱਦ ਨੇੜੇ, ਏਅਰਪੋਰਟ ਤੋਂ ਲਗਭਗ 10 ਮੀਲ ਦੂਰ ਹੋਇਆ।
ਡਾ. ਜੌਇ ਸੈਣੀ, ਜੋ ਕਿ ਅਮਰੀਕਾ ਆਪਣੇ ਮਾਪਿਆਂ ਨਾਲ ਆਈ ਸੀ, ਨੇ ਯੂਨੀਵਰਸਿਟੀ ਆਫ ਪਿਟਸਬਰਗ ਤੋਂ ਮੈਡੀਕਲ ਡਿਗਰੀ ਪ੍ਰਾਪਤ ਕੀਤੀ ਸੀ। ਓਥੇ ਹੀ ਉਸ ਦੀ ਮੁਲਾਕਾਤ ਉਸਦੇ ਪਤੀ ਮਾਈਕਲ ਗਰਾਫ਼ ਨਾਲ ਹੋਈ, ਜੋ ਕਿ ਇੱਕ ਨਿਊਰੋ ਸਰਜਨ ਸਨ।
ਬੋਸਟਨ ਸਥਿਤ ਉਸ ਦੀ ਮੈਡੀਕਲ ਪ੍ਰੈਕਟਿਸ ਦੀ ਵੈੱਬਸਾਈਟ ਅਨੁਸਾਰ, ਸੈਣੀ ਇੱਕ ਯੂਰੋਗਾਈਨਕੋਲੋਜਿਸਟ ਅਤੇ ਮਹਿਲਾ ਪੈਲਵਿਕ ਰੀਕੰਸਟ੍ਰਕਟਿਵ ਸਰਜਨ ਸੀ।
ਪਰਿਵਾਰਕ ਅਨੁਸਾਰ, ਗਰਾਫ਼ “ਇੱਕ ਅਨੁਭਵੀ ਪਾਇਲਟ ਸੀ ਜੋ ਆਪਣੇ ਪਿਤਾ ਕੋਲੋਂ 16 ਸਾਲ ਦੀ ਉਮਰ ਵਿੱਚ ਉੱਡਾਣ ਸਿੱਖਣ ਤੋਂ ਬਾਅਦ ਹਵਾਈ ਯਾਤਰਾ ਦਾ ਸ਼ੌਕੀਨ ਸੀ।
ਉਨ੍ਹਾਂ ਦੀ ਧੀ ਕਰੇਨਾ ਗਰਾਫ਼, ਜੋ ਕਿ ਮੈਡੀਕਲ ਵਿਦਿਆਰਥੀ ਸੀ, ਅਤੇ ਉਸਦਾ ਜੀਵਨ ਸਾਥੀ ਜੇਮਸ ਸੈਂਟੋਰੋ, ਜੋ ਕਿ ਇੱਕ ਇਨਵੈਸਟਮੈਂਟ ਬੈਂਕਰ ਸੀ ਅਤੇ ਜਲਦ ਹੀ ਵਿਆਹ ਕਰਵਾਉਣ ਵਾਲੇ ਸਨ, ਵੀ ਹਾਦਸੇ ’ਚ ਮਾਰੇ ਗਏ।
ਉਨ੍ਹਾਂ ਦੇ ਪੁੱਤਰ ਜੇਰਡ ਗਰਾਫ਼ ਅਤੇ ਉਸ ਦੀ ਸਾਥੀ ਅਲੇਕਸੀਆ ਕੁਯੂਤਾਸ ਦੁਆਰਤੇ, ਜੋ ਕਿ ਲਾਅ ਵਿਦਿਆਰਥਣ ਸੀ, ਵੀ ਇਸ ਹਾਦਸੇ ਵਿੱਚ ਜਾਨ ਗੁਆ ਬੈਠੇ।
ਸੈਣੀ ਅਤੇ ਗਰਾਫ਼ ਦੀ ਇੱਕ ਹੋਰ ਧੀ ਅਨੀਕਾ ਅਤੇ ਸੈਣੀ ਦੀ ਮਾਂ ਕੁਲਜੀਤ ਪਿੱਛੇ ਪਰਿਵਾਰ ‘ਚ ਰਹਿ ਗਏ ਹਨ।
ਇਸ ਦੁਖਦਾਈ ਹਾਦਸੇ ਨੇ ਦੁਨੀਆਂ ਭਰ ਵਿੱਚ ਪੰਜਾਬੀ ਭਾਈਚਾਰੇ ਅਤੇ ਮੈਡੀਕਲ ਵਰਗ ਵਿੱਚ ਸੋਗ ਦੀ ਲਹਿਰ ਹੈ।
Published on: ਅਪ੍ਰੈਲ 14, 2025 11:53 ਪੂਃ ਦੁਃ