ਫਾਜ਼ਿਲਕਾ: 17 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਅਤੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਜੀ ਦੇ ਹੁਕਮਾਂ ਅਨੁਸਾਰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਸਬੰਧੀ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਨੂੰ ਹੀਮੋਫੀਲੀਆ ਅਤੇ ਥੈਲੇਸੀਮੀਆ ਤੋਂ ਬਚਣ ਸਬੰਧੀ ਜਾਗਰੂਕ ਕਰਨਾ ਹੈ ਅਤੇ ਹੀਮੋਗਲੋਬਿਨੋਪੈਥੀ ਤੇ ਹੀਮੋਫੀਲੀਆ ਤੋਂ ਪੀੜਤ ਵਿਅਕਤੀਆਂ ਨੂੰ ਸਿਹਤ ਸਿੱਖਿਆ ਪ੍ਰਦਾਨ ਕਰਨਾ, ਸਿਹਤਮੰਦ ਜੀਵਨ ਜਿਊਣ ਲਈ ਗਿਆਨ ਨਾਲ ਲੈਸ ਕਰਨਾ ਤੇ ਜਾਣਕਾਰੀ ਦੇ ਆਦਾਨ—ਪ੍ਰਦਾਨ ਨੂੰ ਯਕੀਨੀ ਬਣਾਉਣਾ ਅਤੇ ਹੀਮੋਗਲੋਬਿਨੋਪੈਥੀ ਨਾਲ ਸਬੰਧਤ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਹੈ।
ਇਸ ਸਬੰਧੀ ਅੱਜ ਡਾ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਦਾ ਆਯੋਜਨ ਸਿਵਲ ਹਸਪਤਾਲ ਫਾਜਿਲਕਾ ਵਿਖੇ ਕੀਤਾ ਗਿਆ। ਇਸ ਸਮੇਂ ਡਾ ਐਰਿਕ ਸੀਨੀਅਰ ਮੈਡੀਕਲ ਅਫ਼ਸਰ, ਡਾ ਰਿੰਕੂ ਚਾਵਲਾ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾ ਅਰਪਿਤ ਗੁਪਤਾ, ਡਾ ਨਿਸ਼ਾਂਤ ਸੇਤੀਆ, ਵਿਨੋਦ ਖੁਰਾਣਾ ਅਤੇ ਪਾਰਸ ਹਾਜ਼ਰ ਸਨ। ਇਸ ਸਮੇਂ ਜਾਣਕਾਰੀ ਦਿੰਦਿਆ ਡਾ ਰੋਹਿਤ ਗੋਇਲ ਅਤੇ ਡਾ ਰਿੰਕੂ ਚਾਵਲਾ ਨੇ ਦੱਸਿਆ ਕਿ ਹੀਮੋਫੀਲੀਆ ਦੇ ਲੱਛਣਾਂ ਵਿੱਚ ਆਮ ਸੱਟ ਅਤੇ ਡੂੰਘੀ ਸੱਟ ਲੱਗਣ ਤੋਂ ਬਾਅਦ ਦੇਰ ਤੱਕ ਖੂਨ ਦਾ ਲਗਾਤਾਰ ਵਗਣਾ, ਨੱਕ ਵਿੱਚੋੰ ਖੂਨ ਵਗਣਾ ਅਤੇ ਆਸਾਨੀ ਨਾਲ ਨਾ ਰੁਕਣਾ, ਸਰੀਰ ਦੇ ਵੱਖ—ਵੱਖ ਜੋੜਾਂ ਵਿਚ ਦਰਦ ਅਤੇ ਸੋਜ਼ ਹੋਣਾ, ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਚਾਨਕ ਸੋਜ ਹੋਣਾ ਅਤੇ ਪਿਸ਼ਾਬ ਵਿਚ ਖੂਨ ਆਉਣਾ ਸ਼ਾਮਲ ਹਨ। ਇਸ ਬਿਮਾਰੀ ਦਾ ਸਮੇਂ ਤੇ ਇਲਾਜ ਨਾ ਹੋਣ ਦੀ ਸੂਰਤ ਵਿਚ ਪੀੜਿਤ ਦੀ ਜਾਨ ਦਾ ਜੋਖਮ ਵਧ ਸਕਦਾ ਹੈ। ਇਸ ਬਿਮਾਰੀ ਤੋਂ ਪੀੜਿਤ ਲੋਕਾਂ ਨੂੰ ਪੂਰੀ ਜ਼ਿੰਦਗੀ ਆਪਣੀ ਸਿਹਤ ਦੀ ਦੇਖਭਾਲ ਅਤੇ ਨਿਯਮਤ ਨਿਗਰਾਨੀ ਕਰਨ ਦੀ ਜ਼ਰੂਰਤ ਪੈਂਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੀਮੋਫੀਲੀਆ ਜਾਂਚ ਅਤੇ ਇਲਾਜ ਉਪਲੱਬਧ ਹੈ।
ਉਹਨਾਂ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਪ੍ਰਮੱਖ ਲੱਛਣਾਂ ਵਿਚ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪੇਸ਼ਾਬ ਗਾੜ੍ਹਾ ਆਉਣਾ ਅਤੇ ਜ਼ਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਹਿਲੀ ਤਿਮਾਹੀ ਵਾਲੀਆਂ ਗਰਭਵਤੀ ਔਰਤਾ, ਵਿਆਹਯੋਗ ਜੋੜੇ ਅਤੇ ਉਹ ਔਰਤਾ ਜਿਨਾਂ ਦਾ ਅਨੀਮੀਆ ਠੀਕ ਨਹੀਂ ਹੋ ਰਿਹਾ, ਉਹ ਆਪਣਾ ਐੱਚ ਪੀ ਐਲ ਸੀ, ਐੱਚਬੀਏ—2 ਟੈਸਟ ਕਰਵਾ ਕੇ ਇਸ ਰੋਗ ਦੇ ਵਾਧੇ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ
Published on: ਅਪ੍ਰੈਲ 17, 2025 4:31 ਬਾਃ ਦੁਃ