22 ਅਪ੍ਰੈਲ ਤੱਕ ਤਨਖਾਹ ਜਾਰੀ ਨਾ ਹੋਣ ‘ਤੇ ਖਜ਼ਾਨਾ ਦਫਤਰ ਦੇ ਘਿਰਾਓ ਦਾ ਐਲਾਨ
ਚਮਕੌਰ ਸਾਹਿਬ / ਮੋਰਿੰਡਾ 19 ਅਪਰੈਲ ਭਟੋਆ
ਗੌਰਮਿੰਟ ਟੀਚਰਜ਼ ਯੂਨੀਅਨ ਨੇ ਅਪਰੈਲ ਦਾ ਅੱਧੇ ਤੋਂ ਵੱਧ ਮਹੀਨਾ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਦੀਆਂ ਤਨਖਾਹਾਂ ਨਾ ਜਾਰੀ ਹੋਣ ‘ਤੇ ਸਰਕਾਰ ਦੀ ਨਿਖੇਧੀ ਕੀਤੀ ਹੈ । ਇੱਥੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਅਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਭੰਗੂ ਅਤੇ ਸਕੱਤਰ ਸਿਮਰਨਜੀਤ ਸਿੰਘ ਰੱਕੜ ਨੇ ਦੱਸਿਆ ਕਿ ਅਪਰੈਲ ਮਹੀਨਾ ਹਰ ਇੱਕ ਲਈ ਬੇਹੱਦ ਖਰਚੇ ਵਾਲਾ ਹੁੰਦਾ ਹੈ , ਕਿਉਂਕਿ ਜਿੱਥੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਆਪਣੇ ਬੱਚਿਆਂ ਦੀਆਂ ਸਾਲਾਨਾ ਫੀਸਾਂ ਭਰਨੀਆਂ ਹੁੰਦੀਆਂ ਹਨ, ਉੱਥੇ ਸਾਲ ਭਰ ਦਾ ਅਨਾਜ ਵੀ ਖਰੀਦਣਾ ਹੁੰਦਾ ਹੈ ਪਰ ਸਿੱਖਿਆ ਵਿਭਾਗ ਦੀ ਅਣਗਹਿਲੀ ਸਦਕਾ ਵੱਡੀ ਗਿਣਤੀ ਵਿੱਚ ਅਧਿਆਪਕ ਖਾਸ ਕਰ ਪ੍ਰਾਇਮਰੀ ਅਧਿਆਪਕ ਤਨਖਾਹਾਂ ਤੋਂ ਅਜੇ ਤੱਕ ਵਾਂਝੇ ਹਨ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 22 ਅਪਰੈਲ ਤੱਕ ਸਾਰਿਆਂ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਨਹੀਂ ਤਾਂ ਜਥੇਬੰਦੀ ਨੂੰ ਜ਼ਿਲ੍ਹਾ ਖਜ਼ਾਨਾ ਦਫਤਰ ਦਾ ਘਰਾਓ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਾ, ਗੁਰਚਰਨ ਸਿੰਘ, ਕੁਲਵੀਰ ਸਿੰਘ ਕੰਧੋਲਾ ,ਅਵਨੀਤ ਚੱਢਾ , ਕੁਲਦੀਪ ਸਿੰਘ ਗਿੱਲ , ਦਵਿੰਦਰ ਸਿੰਘ , ਇਕਬਾਲ ਸਿੰਘ, ਗੁਰਦੀਪ ਸਿੰਘ ,ਰੂਪ ਚੰਦ, ਜਗਦੀਪ ਸਿੰਘ ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।
Published on: ਅਪ੍ਰੈਲ 19, 2025 2:45 ਬਾਃ ਦੁਃ