ਓਟਾਵਾ, 20 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਖਾਲਿਸਤਾਨੀ ਪੱਖੀਆਂ ਵੱਲੋਂ ਭੰਨ-ਤੋੜ ਕਰਨ ਦੀ ਖਬਰ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਦੀਆਂ ਕੰਧਾਂ ਉਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਗਏ ਹਨ। ਇਹ ਘਟਨਾ ਵੈਂਕੂਵਰ ਸਥਿਤ ਗੁਰਦੁਆਰਾ ਦੀ ਦੱਸੀ ਜਾ ਰਹੀ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਕੈਨੇਡਾ ਦੇ ਵੈਂਕੂਵਰ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੇ ਕੇ ਡੀ ਐਸ ਗੁਰਦੁਆਰਾ ਵਿਚ ਖਾਲਿਸਤਾਨ ਸਮਰਥਕਾਂ ਵੱਲੋਂ ਭੰਨਤੋੜ ਕੀਤੀ ਗਈ ਹੈ। ਖਾਲਸਾ ਦੀਵਾਨ ਸੁਸਾਇਟੀ ਨੇ ਇਕ ਬਿਆਨ ਵਿੱਚ ਕਿਹਾ, ‘ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਸਿੱਖ ਅਲੱਗਵਾਦੀਆਂ ਦੇ ਇਕ ਛੋਟੇ ਗਰੁੱਪ ਨੇ ‘ਖਾਲਿਸਤਾਨ ਜ਼ਿੰਦਾਬਾਦ’ ਵਰਗੇ ਨਾਅਰੇ ਲਗਾ ਕੇ ਸਾਡੀਆਂ ਪਵਿੱਤਰ ਕੰਧਾਂ ਖਰਾਬ ਕਰ ਦਿੱਤੀਆਂ। ਖਾਲਿਸਤਾਨ ਸਮਰਥਕਾਂ ਨੇ ਰਾਤ ਭਰ ਗੁਰਦੁਆਰੇ ਵਿੱਚ ਉਪਦ੍ਰਵ ਕੀਤਾ। ਗੁਰਦੁਆਰਾ ਪ੍ਰਬੰਧਕਾਂ ਦੇ ਆਧਿਕਾਰਿਤ ਅਕਾਊਂਟ ਉਤੇ ਸ਼ੇਅਰ ਕੀਤੀਆਂ ਗਈਆਂ ਫੋਟੋਆਂ ਵਿੱਚ ਗੁਰਦੁਆਰਾ ਦੀ ਪਾਰਕਿੰਗ ਦੇ ਨੇੜੇ ਕੰਧ ਉਤੇ ਕਈ ਥਾਵਾਂ ਉਤੇ ‘ਖਾਲਿਸਤਾਨ’ ਲਿਖੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵੈਂਕੂਵਰ ਪੁਲਿਸ ਵਿਭਾਗ ਸ਼ਨੀਵਾਰ ਸਵੇਰੇ ਹੋਈ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।
Published on: ਅਪ੍ਰੈਲ 20, 2025 3:58 ਬਾਃ ਦੁਃ