ਬੇਰੁਜ਼ਗਾਰ ਅਧਿਆਪਕਾਂ ਦਾ ਕੁਟਾਪਾ ਕਰਨ ਵਾਲੇ SHO ਤੇ ਬਾਕੀ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਦੀ ਡੀ.ਟੀ.ਐੱਫ ਵਲੋਂ ਮੰਗ

Punjab

 ਸ੍ਰੀ ਚਮਕੌਰ ਸਾਹਿਬ / ਮੋਰਿੰਡਾ20, ਅਪ੍ਰੈਲ ( ਭਟੋਆ )

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸੰਘਰਸ਼ ਕਰ ਰਹੇ 5994 ਈਟੀਟੀ (ਬੈਕਲਾਗ) ਭਰਤੀ ਵਿੱਚ ਚੁਣੇ ਹੋਏ ਬੇਰੁਜ਼ਗਾਰ ਅਧਿਆਪਕਾਂ ਦਾ ਪੁਲਿਸ ਵੱਲੋਂ ਸ਼ਰੇਆਮ ਕੁੱਟਮਾਰ ਕਰਕੇ ਲਾਠੀਚਾਰਜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ, ਇਸ ਨੂੰ ਅਖੌਤੀ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇਣ ਵਾਲੀ ‘ਆਪ’ ਸਰਕਾਰ ਦਾ ਸ਼ਰਮਨਾਕ ਕਾਰਾ ਕਰਾਰ ਦਿੱਤਾ ਹੈ। ਡੀਟੀਐੱਫ ਨੇ ਬੇਰੁਜ਼ਗਾਰ ਅਧਿਆਪਕਾਂ ‘ਤੇ ਹੱਥ ਚੁੱਕਣ ਵਾਲੇ ਪੰਜਾਬ ਪੁਲਿਸ ਦੇ ਐੱਸ.ਐੱਚ.ਓ. ਦਾਨਿਸ਼ਵੀਰ ਅਤੇ ਬਾਕੀ ਪੁਲਿਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਇਸ ਸੰਬੰਧੀ ਵਧੇਰੇ ਗੱਲਬਾਤ ਕਰਦੇ ਹੋਏ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜੀਆਂਵਾਲੀ ਅਤੇ ਜਿਲ੍ਹਾ ਪ੍ਰਧਾਨ ਗਿਆਨ ਚੰਦ ਰੂਪਨਗਰ, ਕਿਰਤੀ ਕਿਸਾਨ ਮੋਰਚਾ ਰੋਪੜ ਦੇ ਪ੍ਰਧਾਨ ਬੀਰ ਸਿੰਘ ਬੜਵਾ, ਅਤੇ ਕਰਨੈਲ ਸਿੰਘ ਬੜਵਾ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਹੇਠ ਸਰਕਾਰੀ ਸਕੂਲਾਂ ਵਿੱਚ ਉਦਘਾਟਨੀ ਪੱਥਰ ਲਗਾਉਣ ਦੀ ਨ੍ਹੇਰੀ ਲਿਆਂਦੀ ਹੋਈ ਹੈ, ਦੂਜੇ ਪਾਸੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਸਮੇਤ ਹੋਰ ਬੁਨਿਆਦੀ ਸੁਧਾਰਾਂ ਪੱਖੋਂ ਪੰਜਾਬ ਦੀ ਸਕੂਲੀ ਸਿੱਖਿਆ ਲਗਾਤਾਰ ਪਛੜ ਰਹੀ ਹੈ। ਉਨ੍ਹਾਂ ਅੱਗੇ ਦੱਸਿਆਂ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਅਧਿਆਪਕਾਂ ਭਰਤੀ ਕਰਨ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਦਰਅਸਲ 5994 ਈਟੀਟੀ ਅਧਿਆਪਕਾਂ ਦੀ ਭਰਤੀ ਵੀ ਸਾਲ 2022 ਦੀ ਸ਼ੁਰੂ ਕੀਤੀ ਹੋਈ ਹੈ, ਜੋ ਹਾਲੇ ਤੱਕ ਮੁਕੰਮਲ ਨਹੀਂ ਕੀਤੀ ਗਈ ਹੈ। ਇਸ ਭਰਤੀ ਵਿੱਚ ਪਹਿਲਾਂ 2600 ਦੇ ਕਰੀਬ ਨਿਯੁਕਤੀ ਪੱਤਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮਾਗਮ ਕਰਕੇ ਜਾਰੀ ਕੀਤੇ ਗਏ, ਪ੍ਰੰਤੂ ਉਨਾ ਵਿੱਚੋ  ਕੇਵਲ 1200 ਅਧਿਆਪਕ ਹਾਜ਼ਿਰ ਕਰਵਾਕੇ ਬਾਕੀ ਪ੍ਰੀਕ੍ਰਿਆ ‘ਤੇ ਰੋਕ ਲਗਾ ਦਿੱਤੀ ਗਈ। ਇਸੇ ਭਰਤੀ ਵਿੱਚੋਂ 3000 ਦੇ ਕਰੀਬ ਬੈਕਲਾਗ ਦੀਆਂ ਪੋਸਟਾਂ ਨੂੰ ਵੀ ਲਟਕਾਉਣ ਦੀ ਸਾਜ਼ਿਸ਼ ਕੀਤੀ ਗਈ ਹੈ। ਜਦੋਂ ਬੇਰੁਜਗਾਰ ਅਧਿਆਪਕਾਂ ਵੱਲੋਂ ਭਰਤੀ ਪੂਰੀ ਕਰਨ ਦੀ ਮੰਗ ਲਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਪੁਲਿਸ ਦੇ ਡੰਡੇ ਅਤੇ ਧੱਕੇਸ਼ਾਹੀ ਨਾਲ ਕੀਤਾ ਜਾਂਦਾ ਹੈ। ਇਨਾ ਆਗੂਆਂ ਨੇ ਕਿਹਾ ਕਿ 

ਹੱਕ ਮੰਗਦੇ ਬੇਰੁਜ਼ਗਾਰ ਈ ਟੀ ਟੀ 5994 ਸਾਥੀਆਂ ਤੇ ਆਨੰਦਪੁਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਵਲੋ ਕੀਤੇ ਅਣ ਮਨੁੱਖੀ ਤਸ਼ੱਦਦ ਦੀ ਹੱਦ ਉਦੋ ਪਾਰ ਹੋ ਗਈ ਜਦੋ ਬੇਰੁਜ਼ਗਾਰ ਸਾਥੀਆਂ ਨੂੰ ਪੁਲਿਸ ਦੀ ਕੁੱਟ ਮਾਰ ਤੋ ਬਾਅਦ ਥਾਣੇ  ਵਿੱਚ ਬੰਦ ਕੀਤਾ ਗਿਆ, ਜਿਨਾ  ਨੂੰ ਪੁਲਿਸ ਨਾਲ ਰਾਬਤਾ ਕਰਨ ਤੋ ਬਾਅਦ ਛੁਡਵਾਇਆ ਗਿਆ। ਡੀ ਟੀ ਐਫ ਅਤੇ ਕਿਰਤੀ ਕਿਸਾਨ ਮੋਰਚੇ ਦੇ ਸਾਥੀਆਂ ਵਲੋ ਪੁਲਿਸ ਪ੍ਰਸ਼ਾਸਨ ਦੇ ਮਾੜੇ ਕਿਰਦਾਰ ਦੀ ਸਖਤ ਨਿਖੇਧੀ ਕੀਤੀ ਅਤੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਚੱਲ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਉਹਨਾਂ ਨੂੰ ਹਰ ਕਿਸਮ ਦਾ ਸਾਥ ਦੇਣ ਦਾ ਭਰੋਸਾ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।