ਕਟਨੀ, 20 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਸਕੂਲ ਦੇ ਇਕ ਅਧਿਆਪਕ ਵੱਲੋਂ ਬੱਚਿਆਂ ਨੂੰ ਸ਼ਰਾਬ ਪਿਆਉਣ ਦੀ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸ਼ਰਾਬ ਪਿਆਉਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਈਰਲ ਹੋ ਗਈ। ਇਹ ਘਟਨਾ ਮੱਧ ਪ੍ਰਦੇਸ਼ ਦੇ ਕਟਨੀ ਦੀ ਹੈ। ਬਡਵਾਰਾ ਬਲਾਕ ਦੇ ਖਿਰਹਨੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਲਾਲ ਨਵੀਨ ਪ੍ਰਤਾਪ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਕਲੇਕਟਰ ਦਿਲੀਪ ਕੁਮਾਰ ਨੇ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਓਪੀ ਸਿੰਘ ਨੂੰ ਅਧਿਆਪਕ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਵੀਡੀਓ ਨੂੰ ਵੱਖ ਵੱਖ ਬਲਾਕਾਂ ਦੇ ਅਧਿਕਾਰੀਆਂ ਨੂੰ ਭੇਜਿਆ ਅਤੇ ਬਾਅਦ ਵਿੱਚ ਅਧਿਅਪਕ ਦੀ ਪਹਿਚਾਣ ਨਵੀਨ ਪ੍ਰਤਾਪ ਸਿੰਘ ਵਜੋਂ ਹੋਈ। ਅਧਿਕਾਰੀ ਨੇ ਦੱਸਿਆ ਕਿ ਪ੍ਰਤਾਪ ਸਿੰਘ ਕਦਾਚਾਰ, ਬੱਚਿਆਂ ਨੂੰ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਨ ਅਤੇ ਅਧਿਆਪਕ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਅਧਿਆਪਕ ਦੇ ਸਾਹਮਣੇ 6-7 ਵਿਦਿਆਰਥੀ ਬੈਠੇ ਹਨ। ਉਹ ਉਨ੍ਹਾਂ ਨੂੰ ਇਕ ਇਕ ਕਰਕੇ ਕੱਪ ਵਿੱਚ ਸ਼ਰਾਬ ਪਾਉਂਦੇ ਹਨ ਜਿੰਨਾਂ ਨੂੰ ਬੱਚੇ ਪੀ ਜਾਂਦੇ ਹਨ। ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਲਿਆ ਜੋ ਹੁਣ ਵਾਇਰਲ ਹੋ ਰਿਹਾ ਹੈ। ਉਹ ਬੱਚਿਆ ਨੂੰ ਕਹਿ ਰਹੇ ਹਨ ਕਿ ਸ਼ਰਾਬ ਪੀਣ ਤੋਂ ਪਹਿਲਾਂ ਇਸ ਵਿੱਚ ਪਾਣੀ ਪਾ ਲਓ।
Published on: ਅਪ੍ਰੈਲ 20, 2025 10:40 ਪੂਃ ਦੁਃ