ਮੋਹਾਲੀ, 20 ਅਪ੍ਰੈਲ: ਦੇਸ਼ ਕਲਿੱਕ ਬਿਓਰੋ
Dengue prevention campaign: ਸਿਹਤ ਵਿਭਾਗ ਵਲੋਂ ਡੇਂਗੂ, ਮਲੇਰੀਆ, ਚਿਕਨਗੁਨੀਆ ਜਿਹੀਆਂ ਬੀਮਾਰੀਆਂ ਦੀ ਰੋਕਥਾਮ ਲਈ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਸਰਕਾਰੀ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਕੂਲਾਂ ਵਿਚ ਜਾ ਕੇ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਅਧਿਆਪਕਾਂ ਅਤੇ ਬੱਚਿਆਂ ਨੂੰ ਜਾਣਕਾਰੀ ਦਿਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ‘ਲਿਟਲ ਚੈਂਪੀਅਨਜ਼ ਕੰਪੇਨ’ ਨਾਮੀ ਇਸ ਪਹਿਲਕਦਮੀ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਕੂਲ ਦੀ ਚਾਰਦੀਵਾਰੀ ਅੰਦਰ ਕਿਸੇ ਵੀ ਥਾਂ ਪਾਣੀ ਇਕੱਠਾ ਨਾ ਹੋਣ, ਸਕੂਲਾਂ ਅਤੇ ਘਰਾਂ ਅੰਦਰ ਸਾਫ਼-ਸਫ਼ਾਈ ਅਤੇ ਮੱਛਰ ਦਾ ਲਾਰਵਾ ਪੈਦਾ ਨਾ ਹੋਣ ਦੇ ਤਰੀਕਿਆਂ ਬਾਰੇ ਸਮਝਾਇਆ ਜਾ ਰਿਹਾ ਹੈ। ਡਾ. ਜੈਨ ਨੇ ਦਸਿਆ ਕਿ ਇਸ ਮੁਹਿੰਮ ਦਾ ਮੰਤਵ ਇਹੋ ਹੈ ਕਿ ਸਕੂਲੀ ਬੱਚੇ ਇਨ੍ਹਾਂ ਬੀਮਾਰੀਆਂ ਬਾਰੇ ਖ਼ੁਦ ਵੀ ਜਾਗਰੂਕ ਹੋਣ ਅਤੇ ਅਪਣੇ ਮਾਪਿਆਂ, ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਜਾਗਰੂਕ ਕਰਨ। ਇਸ ਤੋਂ ਇਲਾਵਾ, ਬੱਚਿਆਂ ਦੀਆਂ ਪਾਠਕ੍ਰਮ-ਬਾਹਰਲੀਆਂ ਸਰਗਰਮੀਆਂ ਜਿਵੇਂ ਡਰਾਇੰਗ, ਸਵਾਲ-ਜਵਾਬ ਮੁਕਾਬਲੇ, ਪ੍ਰਦਰਸ਼ਨੀਆਂ, ਨੁੱਕੜ-ਨਾਟਕ ਅਤੇ ਗਰਮੀ ਦੀਆਂ ਛੁੱਟੀਆਂ ਦੌਰਾਨ ਸਕੂਲੀ ਕੰਮ ਵਿਚ ਇਨ੍ਹਾਂ ਬੀਮਾਰੀਆਂ ਦੇ ਵਿਸ਼ੇ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਡੇਂਗੂ ਦੇ ਸੀਜ਼ਨ ਦੌਰਾਨ ਜਿਹੜੇ ਸਕੂਲ ਵਿਚ ਡੇਂਗੂ ਬੁਖ਼ਾਰ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਉਸ ਸਕੂਲ ਦੇ ਮੁਖੀ ਤੇ ਹੋਰਨਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ‘ਹਰ ਸ਼ੁੱਕਰਵਾਰ, ਡੇਂਗੂ ’ ਤੇ ਵਾਰ’ ਮੁਹਿੰਮ ਤਹਿਤ ਡੇਂਗੂ ਦੇ ਮਾਮਲਿਆਂ ਅਤੇ ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਕਾਫ਼ੀ ਕਮੀ ਆਈ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਦੀ ਅਗਵਾਈ ਹੇਠ ਸਿਹਤ ਟੀਮਾਂ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਬੀਮਾਰੀਆਂ ਬਾਰੇ ਪਹਿਲਾਂ ਹੀ ਸਿਖਲਾਈ ਦਿਤੀ ਜਾ ਰਹੀ ਹੈ। ਸਿਹਤ ਟੀਮਾਂ ਹੁਣ ਤਕ ਜ਼ਿਲ੍ਹੇ ਦੇ ਕਈ ਕਾਲਜਾਂ ਨੂੰ ਕਵਰ ਕਰ ਚੁੱਕੀਆਂ ਹਨ।
ਵਿਦਿਆਰਥੀਆਂ ਨੂੰ ਦਸਿਆ ਜਾ ਰਿਹਾ ਹੈ ਕਿ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ, ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ, ਪਾਣੀਦੀਆਂ ਟੈਂਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ,ਖ਼ਾਲੀ ਪਏ ਟਾਇਰਾਂ/ਬਕਸਿਆਂ,ਪਾਣੀ ਵਾਲੇ ਢੋਲਾਂ ਆਦਿ ਵਿਚ। ਡੇਂਗੂ ਬੁਖ਼ਾਰ ਤੋਂ ਬਚਾਅ ਦਾ ਇਕੋ-Çਂੲਕ ਤਰੀਕਾ ਹੈ ਕਿ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ ਕਿਉਂਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Published on: ਅਪ੍ਰੈਲ 20, 2025 9:22 ਬਾਃ ਦੁਃ