ਚੰਡੀਗੜ੍ਹ, 20 ਅਪ੍ਰੈਲ:
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ (GGSTP), ਰੋਪੜ, ਜੋ ਪੰਜਾਬ ਦੀ ਸਭ ਤੋਂ ਪੁਰਾਣਾ ਬਿਜਲੀ ਪੈਦਾ ਕਰਨ ਵਾਲੇ ਸਟੇਸ਼ਨਾਂ ਵਿੱਚੋਂ ਇੱਕ ਹੈ, ਨੇ ਕੁਸ਼ਲਤਾ ਅਤੇ ਕਾਰਗੁਜ਼ਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। 36 ਸਾਲ ਪੁਰਾਣੇ ਯੂਨਿਟ ਹੋਣ ਦੇ ਬਾਵਜੂਦ ਪਲਾਂਟ ਵਿੱਚ ਵਿੱਤੀ ਸਾਲ 2024-25 ਦੌਰਾਨ ਕਾਰਜ-ਕੁਸ਼ਲਤਾ, ਭਰੋਸੇਯੋਗਤਾ, ਅਤੇ ਬਿਜਲੀ ਉਤਪਾਦਨ ਦੇ ਲਿਹਾਜ਼ ਨਾਲ ਵਿਚ ਬੇਮਿਸਾਲ ਸੁਧਾਰ ਦੇਖਿਆ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਪਿਛਲੇ ਦਹਾਕੇ ਦੇ ਮੁਕਾਬਲੇ ਵਿੱਤੀ ਸਾਲ 2024-25 ਦੌਰਾਨ ਜੀ.ਜੀ.ਐਸ.ਐਸ.ਟੀ.ਪੀ. (GGSTP) ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਪ੍ਰਤੱਖਤਾ ਜਿਵੇਂ ਕਿ ਕੁੱਲ ਉਤਪਾਦਨ, ਪਲਾਂਟ ਲੋਡ ਫੈਕਟਰ (ਪੀਐਲਐਫ), ਹੀਟ ਰੇਟ, ਅਤੇ ਥਰਮਲ ਐਫੀਸ਼ੀਐਂਸੀ ਵਿੱਚ ਕਮਾਲ ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਦਰਸ਼ਨ- ਰਣਨੀਤਕ ਯੋਜਨਾਬੰਦੀ, ਨਿਯਮਿਤ ਰੱਖ-ਰਖਾਅ ਅਤੇ ਪੰਜਾਬ ਸਰਕਾਰ ਵੱਲੋਂ ਯਕੀਨੀ ਬਣਾਏ ਅਨੁਕੂਲਿਤ ਕਾਰਜਸ਼ੀਲ ਅਭਿਆਸਾਂ ਸਦਕਾ ਹੀ ਸੰਭਵ ਹੋਇਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਉਤੇ ਇਕ ਸਾਲ ਲਈ ਵਧਾਇਆ NSA
ਮੰਤਰੀ ਨੇ ਕਿਹਾ ਕਿ GGSTP ਦੇ ਮੌਜੂਦਾ ਚਾਰ ਕਾਰਜਸ਼ੀਲ ਯੂਨਿਟਾਂ ਤੋਂ ਕੁੱਲ ਬਿਜਲੀ ਉਤਪਾਦਨ 4553.72 ਮਿਲੀਅਨ ਯੂਨਿਟ (ਐਮ.ਯੂ.) ’ਤੇ ਪਹੁੰਚ ਗਿਆ ਹੈ, ਜੋ ਵਿੱਤੀ ਸਾਲ 2015-16 ਨਾਲੋਂ, ਜਦੋਂ ਸਾਰੇ ਛੇ ਯੂਨਿਟ ਚਾਲੂ ਹੁੰਦੇ ਸਨ,ਤੋਂ ਕਿਤੇ ਵੱਧ ਹੈ। ਵਿੱਤੀ ਸਾਲ 2024-25 ਲਈ ਪੀਐਲਐਫ 61.88 ਫੀਸਦ ਰਿਹਾ, ਜੋ ਕਿ 2014-15 ਤੋਂ ਹੁਣ ਤੱਕ ਪ੍ਰਾਪਤ ਕੀਤਾ ਸਭ ਤੋਂ ਵੱਧ ਫੀਸਦ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਲਾਂਟ ਨੇ ਕਾਰਜ- ਭਰੋਸੇਯੋਗਤਾ ਵਿੱਚ ਵੀ ਕਾਫ਼ੀ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਵਿਸ਼ੇਸ਼ ਕੋਲੇ ਦੀ ਖਪਤ 687 ਗਰਾਮ / ਕਿਲੋਵਾਟ ਘੰਟਾ ਤੋਂ 652 ਗਰਾਮ / ਕਿਲੋਵਾਟ ਘੰਟਾ ’ਤੇ ਆ ਗਈ ਹੈੈ, ਨਤੀਜੇ ਵਜੋਂ ਸਟੇਸ਼ਨ ਦਾ ਹੀਟ ਰੇਟ
ਵਿੱਤੀ 2023-24 ਦੇ 2666 ਕਿਲੋ ਕੈਲੋਰੀਜ਼ / ਕਿਲੋਵਾਟ ਘੰਟਾ ਨਾਲੋਂ ਘਟ ਕੇ ਵਿੱਤੀ 2024-25 ਵਿਚ 2666 ਕਿਲੋ ਕੈਲੋਰੀਜ਼ / ਕਿਲੋਵਾਟ ਘੰਟਾ ਰਹਿ ਗਿਆ ਹੈ, ਜੋ 5.75% ਦੀ ਬਿਹਤਰੀ ਦਰਸਾਉਂਦਾ ਹੈ।
ਸਿੱਟੇ ਵਜੋਂ, ਜੀ.ਜੀ.ਐਸ.ਐਸ.ਟੀ.ਪੀ (GGSTP) ਨੇ ਵਿੱਤੀ 2024-25 ਦੀ 32.25 ਫੀਸਦ ਦੀ ਥਰਮਲ ਕੁਸ਼ਲਤਾ ਪ੍ਰਾਪਤ ਕੀਤੀ, ਜਦਕਿ ਪਿਛਲੇ ਸਾਲ ਵਿੱਚ ਇਹ 30.40% ਸੀ।
ਉਨ੍ਹਾਂ ਅੱਗੇ ਕਿਹਾ ਕਿ ਪੁਰਾਣੇ ਥਰਮਲ ਯੂਨਿਟਾਂ ਦੀ ਕੁਸ਼ਲਤਾ ਨੂੰ ਮੁੜ ਸੁਰਜੀਤ ਕਰਨਾ ਜੀ.ਜੀ.ਐਸ.ਐਸ.ਟੀ.ਪੀ. ਟੀਮ ਵੱਲੋਂ ਲੋਕਾਂ ਦੀ ਸੇਵਾ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਯਤਨਾਂ ਅਤੇ ਸਖ਼ਤ ਮਿਹਨਤ ਨਾਲ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਵਿੱਤੀ ਸਾਲ 2024-25 ਦੇ ਝੋਨੇ ਦੇ ਸੀਜ਼ਨ ਦੌਰਾਨ ਜ਼ਰੂਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਹ ਵੀ ਦੱਸਿਆ ਕਿ ਜੀਜੀਐਸਐਸਟੀਪੀ ਨੇ ਡੈਸਕ ਆਪਰੇਟਰਾਂ ਲਈ ਆਨਸਾਈਟ ਸਿਖਲਾਈ ਪ੍ਰੋਗਰਾਮਾਂ ਅਤੇ ਧਨੁ ਇੰਸਟੀਚਿਊਟ, ਮਹਾਰਾਸ਼ਟਰ ਵਿਖੇ ਵਿਸ਼ੇਸ਼ ਸਿਖਲਾਈ ਰਾਹੀਂ ਤੇਲ ਦੀ ਖਪਤ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਹੈ। ਵਿੱਤੀ ਸਾਲ 2023-24 ਵਿੱਚ ਤੇਲ ਦੀ ਖਪਤ 2.00 ਮਿ.ਲੀ./ਕਿਲੋਵਾਟ ਘੰਟਾ ਤੋਂ ਘਟ ਕੇ ਵਿੱਤੀ ਸਾਲ 2024-25 ਵਿੱਚ 1.05 ਮਿ.ਲੀ./ਕਿਲੋਵਾਟ ਘੰਟਾ ਰਹਿ ਗਈ, ਜਿਸਦੇ ਨਤੀਜੇ ਵਜੋਂ ਲਗਭਗ 27 ਕਰੋੜ ਰੁਪਏ ਦੀ ਬੱਚਤ ਹੋਈ।
ਬਿਜਲੀ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਥਰਮਲ ਪਲਾਂਟਾਂ ਵਿੱਚ 3 ਫੀਸਦ ਬਾਇਓਮਾਸ ਬਾਲਣ ਦੀ ਵਰਤੋਂ ਸਬੰਧੀ ਲਾਗੂ ਨਿਯਮਾਂ ਦੇ ਅਨੁਸਾਰ ਜੀਜੀਐਸਐਸਟੀਪੀ ਨੇ ਆਪਣੇ ਮੌਜੂਦਾ ਬੁਨਿਆਦੀ ਢਾਂਚੇ ਅਤੇ ਮਨੁੱਖੀ ਸ਼ਕਤੀ ਦੀ ਵਰਤੋਂ ਜ਼ਰੀਏ ਬਾਇਓਮਾਸ ਪੈਲੇਟਸ ਨੂੰ ਖਪਾਉਣ ਸਬੰਧੀ ਤਕਨੀਕੀ ਅਤੇ ਲੌਜਿਸਟਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਪਾਰ ਕੀਤਾ। ਇਸ ਪ੍ਰਾਪਤੀ ਨੇ, ਨਾ ਸਿਰਫ਼ ਸੀਈਏ ਅਤੇ ਭਾਰਤ ਸਰਕਾਰ ਦੀ ਸਮਰੱਥ ਪਹਿਲਕਦਮੀ ਅਧੀਨ ਨਿਰਧਾਰਤ ਟੀਚੇ ਨੂੰ ਪੂਰਾ ਕੀਤਾ ਬਲਕਿ ਪਰਾਲੀ ਸਾੜਨ ਕਰਕੇ ਵਾਤਾਵਰਣ ‘ਤੇ ਪੈਂਦੇ ਮਾੜੇ ਪ੍ਰਭਾਵ ਨੂੰ ਘਟਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2024-25 ਦੌਰਾਨ ਵਰਤੇ ਗਏ 94,935 ਮੀਟਰਕ ਟਨ ਪੈਲੇਟਸ ਪੰਜਾਬ ਦੇ ਕਿਸਾਨਾਂ ਤੋਂ ਲਏ ਗਏ ਸਨ, ਜਿਸ ਨਾਲ ਟਿਕਾਊ ਊਰਜਾ ਅਭਿਆਸਾਂ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਹੋਇਆ ਅਤੇ ਕਾਰਬਨ ਦੀ ਨਿਕਾਸੀ ਨੂੰ ਘਟਾਉਣ ਵਿੱਚ ਮਦਦ ਮਿਲੀ।
ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਜੀਜੀਐਸਐਸਟੀਪੀ ਨੇ ਸੁਚਾਰੂ ਅਤੇ ਨਿਰਵਿਘਨ ਸੰਚਾਲਨ ਯਕੀਨੀ ਬਣਾਇਆ ਅਤੇ ਸਰਵਿਸ ਕੁਆਲਿਟੀ ਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਪੂਰੀ ਜੀਜੀਐਸਐਸਟੀਪੀ ਟੀਮ ਵੱਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਜੀਜੀਐਸਐਸਟੀਪੀ ਯੂਨਿਟਾਂ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।
Published on: ਅਪ੍ਰੈਲ 20, 2025 9:00 ਬਾਃ ਦੁਃ