ਚੰਡੀਗੜ੍ਹ, 25 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੇਸ ਦੀ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਦੀ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਸਬੰਧੀ ਕੋਈ ਵੀ ਜਨਤਕ ਬਿਆਨ ਦੇਣ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਦੋਂ ਵੀ ਐਸਆਈਟੀ ਉਨ੍ਹਾਂ ਨੂੰ ਜਾਂਚ ਲਈ ਸੰਮਨ ਭੇਜੇਗੀ ਤਾਂ ਉਨ੍ਹਾਂ ਨੂੰ ਪੇਸ਼ ਹੋਣਾ ਪਵੇਗਾ। ਇਸ ਤੋਂ ਪਹਿਲਾਂ ਜਦੋਂ ਵੀ SIT ਵੱਲੋਂ ਬੁਲਾਇਆ ਜਾਂਦਾ ਸੀ, ਉਹ ਪਟਿਆਲਾ ਜਾ ਕੇ ਬਿਆਨ ਦਰਜ ਕਰਵਾਉਂਦੇ ਰਹੇ ਹਨ।
ਜਿਕਰਯੋਗ ਇਹ ਵੀ ਹੈ ਕਿ ਮਜੀਠੀਆ ਨੇ ਐਸਆਈਟੀ ਵੱਲੋਂ ਅਦਾਲਤ ਤੋਂ ਮੰਗੇ ਸਰਚ ਵਾਰੰਟ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਦੱਸਿਆ ਜਾਵੇ ਕਿ ਜਾਂਚ ਏਜੰਸੀ ਨੇ ਉਸ ਦੀ ਕਿਹੜੀ ਥਾਂ ਦੀ ਤਲਾਸ਼ੀ ਲੈਣੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਮਈ ਨੂੰ ਤੈਅ ਕੀਤੀ ਗਈ ਹੈ।
Published on: ਅਪ੍ਰੈਲ 25, 2025 12:54 ਬਾਃ ਦੁਃ