ਮੋਹਾਲੀ, 25 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ HIV ਬਾਰੇ ਜਾਗਰੂਕ ਕਰਨ ਲਈ ਯੂਥ ਸਿੰਪੋਜ਼ਿਅਮ ਆਨ HIV 2025, ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਇਹ ਸਿੰਪੋਜ਼ਿਅਮ “ਸੁਚੇਤ ਰਹੋ, ਸਾਵਧਾਨ ਰਹੋ, HIV. ਦਾ ਖਾਤਮਾ ਕਰੋ” ਥੀਮ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਅਤੇ ਆਲੇ ਦੁਆਲੇ ਨੂੰ ਐੱਚ ਆਈ ਵੀ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਪ੍ਰਤੀ ਜਾਗਰੂਕ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਇਕ ਵਿਦਿਆਰਥੀ ਘੱਟੋ ਘੱਟ 100 ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਫ਼ਰਜ਼ ਨਿਭਾਵੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਦੁਰ ਪ੍ਰਭਾਵ ਅਤੇ ਐੱਚ ਆਈ ਵੀ ਦੇ ਤਾਲਮੇਲ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਅੱਜ ਦੇ ਇਹ ਸਿੰਪੋਜ਼ੀਅਮ ਰਾਹੀਂ ਸਿਰਫ਼ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ, ਸਗੋਂ ਨੌਜਵਾਨਾਂ ਨੂੰ ਆਪਣੇ ਫੈਸਲੇ ਖੁਦ ਲੈਣ ਲਈ, ਸੁਰੱਖਿਅਤ ਜੀਵਨ ਚੁਣਨ ਲਈ ਅਤੇ ਸਮਾਜ ਵਿੱਚ ਬਦਲਾਅ ਦੀ ਪੈਰਵੀਂ ਕਰਨ ਲਈ ਤਿਆਰ ਕਰਨ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਐੱਚ ਆਈ ਵੀ ਅਤੇ ਨਸ਼ਿਆਂ ਤੋਂ ਬਚਣ ਬਾਰੇ ਖੁੱਲ੍ਹ ਕੇ ਚਰਚਾ ਕਰੋ। ਸੋਸ਼ਲ ਮੀਡੀਆ ਰਾਹੀਂ ਸੱਚੀ ਅਤੇ ਸਹੀ ਜਾਣਕਾਰੀ ਦਾ ਪ੍ਰਚਾਰ ਕਰੋ।ਆਪਣੀ ਐੱਚ ਆਈ ਵੀ ਦੀ ਜਾਂਚ ਕਰਵਾਓ, ਜਾਗਰੂਕ ਰਹੋ, ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰੋ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਨਰਜੀ ਡਰਿੰਕਸ ਅਤੇ ਨਸ਼ੇ ਵੱਲ ਲਿਜਾਣ ਵਾਲੀਆਂ ਵਸਤਾਂ ਦੇ ਸੇਵਨ ਤੋਂ ਦੂਰ ਰਹਿਣ ਲਈ ਆਖਿਆ
ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਪੰਜਾਬ ਭਰ ’ਚ 725 ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਰੈੱਡ ਰਿਬਨ ਕਲੱਬ ਚਲਾਏ ਜਾ ਰਹੇ ਹਨ। ਇਹ ਕਲੱਬ ਸਿਰਫ਼ ਸੰਸਥਾਵਾਂ ਨਹੀਂ ਹਨ, ਸਗੋਂ ਨੌਜਵਾਨਾਂ ਨੂੰ ਮੰਚ ਪ੍ਰਦਾਨ ਕਰਵਾਉਂਦੇ ਹਨ, ਜਿਥੇ ਐੱਚ ਆਈ ਵੀ ਰੋਕਥਾਮ, ਜਾਂਚ ਅਤੇ ਸੁਰੱਖਿਅਤ ਵਿਹਾਰ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਇਕ ਗੰਭੀਰ ਸਮੱਸਿਆ ਹੈ, ਜੋ ਅਨੇਕਾਂ ਨੌਜਵਾਨਾਂ ਦੇ ਸੁਪਨਿਆਂ ਤੇ ਜ਼ਿੰਦਗੀਆਂ ਨਿਗਲ ਚੁੱਕਿਆ ਹੈ। ਹਾਲ ਹੀ ਵਿੱਚ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਇਸ ਅਧੀਨ ਹੀ ਨਸ਼ਾ ਤਸਕਰੀ ਨੂੰ ਰੋਕਣ, ਇਲਾਜ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕਿਉਂਕਿ ਨਸ਼ੇ ਦੀ ਲਤ ਸਿਰਫ਼ ਸਰੀਰਕ ਜਾਂ ਮਾਨਸਿਕ ਤਬਾਹੀ ਨਹੀਂ ਲਿਆਉਂਦੀ ਸਗੋਂ ਉੱਚ-ਖ਼ਤਰੇ ਵਾਲੇ ਵਿਹਾਰਾਂ ਨੂੰ ਵੀ ਜਨਮ ਦਿੰਦੀ ਹੈ, ਜਿਵੇਂ ਕਿ ਸਾਂਝੀ ਸੂਈ ਦੀ ਵਰਤੋਂ ਕਰਨ ਨਾਲ ਐੱਚ ਆਈ ਵੀ, ਹੈਪੇਟਾਈਟਸ ਬੀ ਅਤੇ ਸੀ ਦੇ ਫੈਲਾਅ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਆਦਤ ਤੋਂ ਪੀੜਤ ਯੁਵਕਾਂ ਲਈ 43 ਓ ਐੱਸ ਟੀ ਸੈਂਟਰਾਂ ਰਾਹੀਂ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ, ਜਦਕਿ 31 ਸੁਰੱਖਿਆ ਕਲੀਨਿਕਾਂ ਰਾਹੀਂ ਐਸ ਟੀ ਆਈ/ਆਰ ਟੀ ਆਈ ਸੰਕਰਮਣਾਂ/ਲਾਗ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸੁਰੱਖਿਅਤ ਖੂਨ ਚੜ੍ਹਾਉਣ ਦੇ ਉਦੇਸ਼ ਲਈ 183 ਬਲੱਡ ਸੈਂਟਰ ਸਥਾਪਤ ਕੀਤੇ ਗਏ ਹਨ, ਜਿੱਥੇ ਐੱਚ ਆਈ ਵੀ ਸਮੇਤ 5 ਵੱਡੀਆਂ ਬੀਮਾਰੀਆਂ ਲਈ ਜਾਂਚ ਉਪਰੰਤ ਹੀ ਖੂਨ ਚੜ੍ਹਾਇਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ, 72 ਟਾਰਗੇਟ ਇੰਟਰਵੈਂਸ਼ਨ ਪ੍ਰਾਜੈਕਟ ਵੀ ਚਲਾਏ ਜਾ ਰਹੇ ਹਨ, ਜੋ ਕਿ ਹਾਈ-ਰਿਸਕ ਸਮੂਹਾਂ ਜਿਵੇਂ ਕਿ ਐੱਫ ਐਸ ਡਬਲਯੂ, ਆਈ ਡੀ ਯੂ, ਪ੍ਰਵਾਸੀ, ਟਰੱਕ ਡਰਾਈਵਰ ਅਤੇ ਹੋਰਨਾਂ ਨੂੰ ਐੱਚ ਆਈ ਵੀ ਤੋਂ ਬਚਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਐਚ.ਆਈ.ਵੀ./ਏਡਜ਼ ਨਾਲ ਜੀਅ ਰਹੇ ਲੋਕਾਂ ਨਾਲ ਭੇਦਭਾਵ ਨੂੰ ਰੋਕਣ ਲਈ ਐਚ.ਆਈ.ਵੀ./ਏਡਜ਼ ਪ੍ਰੀਵੇਂਸ਼ਨ ਐਂਡ ਕੰਟਰੋਲ ਐਕਟ 2017 ਲਾਗੂ ਕੀਤਾ ਗਿਆ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਯੋਗਾ ਖੇਡਾਂ ਆਦਿ ਨਾਲ ਆਪਣੇ ਜੀਵਨ ਨੂੰ ਤੰਦਰੁਸਤ ਰੱਖਣ ਦੀ ਅਪੀਲ ਵੀ ਕੀਤੀ।
ਸਮਾਗਮ ਦੌਰਾਨ ਐਚ.ਆਈ.ਵੀ./ਏਡਜ਼ ਅਤੇ ਨਸ਼ਿਆਂ ਬਾਰੇ ਜਾਗਰੂਕ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਕੀਤਾ ਗਿਆ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਮਨਪ੍ਰੀਤ ਸਿੰਘ ਮੰਨਾ, ਪ੍ਰੋ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਦਵਿੰਦਰ ਸਿੰਘ, ਵਧੀਕ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਡਾ. ਬੌਬੀ ਗੁਲਾਟੀ, ਐਸ. ਡੀ. ਐਮ. ਖਰੜ ਗੁਰਮੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾਕਟਰ ਰੇਨੂ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।
Published on: ਅਪ੍ਰੈਲ 25, 2025 6:18 ਬਾਃ ਦੁਃ