ਪੰਜਾਬ ਸਰਕਾਰ ਦਾ ਮੋਗਾ ‘ਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਯੂਵੀਕੈਨ ਫਾਊਂਡੇਸ਼ਨ ਨਾਲ ਸਮਝੌਤਾ

ਸਿਹਤ ਪੰਜਾਬ

ਚੰਡੀਗੜ੍ਹ, 26 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਔਰਤਾਂ ਦੀ ਸਿਹਤ ਸੰਭਾਲ ਵਿੱਚ ਵਾਧਾ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ, ਪੰਜਾਬ ਸਰਕਾਰ ਨੇ ਮੋਗਾ ਜ਼ਿਲ੍ਹੇ ਵਿੱਚ ਛਾਤੀ ਦੇ ਕੈਂਸਰ ਸਬੰਧੀ ਵਿਆਪਕ ਸਕ੍ਰੀਨਿੰਗ ਪ੍ਰੋਗਰਾਮ ਸ਼ੁਰੂ ਕਰਨ ਲਈ ਯੁਵਰਾਜ ਸਿੰਘ ਯੂਵੀਕੈਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਇਹ ਸਮਝੌਤਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਸਹੀਬੱਧ ਕੀਤਾ ਗਿਆ ਹੈ।

ਸਵਸਥ ਮਹਿਲਾ ਸਵਸਥ ਭਾਰਤ (ਐਸਐਮਐਸਬੀ) ਪਹਿਲਕਦਮੀ ਤਹਿਤ ਇਸ ਭਾਈਵਾਲੀ ਦਾ ਦਾ ਉਦੇਸ਼ ਕੈਂਸਰ ਦਾ ਜਲਦ ਪਤਾ ਲਗਾਉਣ, ਜਾਗਰੂਕਤਾ ਅਤੇ ਸਮੇਂ ਸਿਰ ਦੇਖਭਾਲ ਤੱਕ ਪਹੁੰਚ ਰਾਹੀਂ ਸੂਬੇ ਵਿੱਚ ਛਾਤੀ ਦੇ ਕੈਂਸਰ ਦੀ ਚਿੰਤਾਜਨਕ ਬਿਮਾਰੀ ਨਾਲ ਨਜਿੱਠਣਾ ਹੈ।

ਇਸ ਸਬੰਧੀ ਚਿੰਤਾਜਨਕ ਰਾਸ਼ਟਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਇਸ ਪਹਿਲਕਦਮੀ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਭਾਰਤ ਵਿੱਚ ਹਰ ਚਾਰ ਮਿੰਟਾਂ ਵਿੱਚ ਇੱਕ ਔਰਤ ਨੂੰ ਛਾਤੀ ਦੇ ਕੈਂਸਰ ਹੋਣ ਬਾਰੇ ਪਤਾ ਲੱਗਦਾ ਹੈ, ਅਤੇ ਹਰ ਅੱਠ ਮਿੰਟਾਂ ਵਿੱਚ ਇੱਕ ਔਰਤ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਦਿੰਦੀ ਹੈ। ਪੰਜਾਬ ਸਰਗਰਮ ਸਿਹਤ ਸੰਭਾਲ ਉਪਾਵਾਂ ਰਾਹੀਂ ਇਸ ਰੁਝਾਨ ਨੂੰ ਬਦਲਣ ਪ੍ਰਤੀ ਦ੍ਰਿੜ ਹੈ।”

ਇਸ ਪ੍ਰੋਗਰਾਮ ਪ੍ਰਤੀ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ, ਸਿਹਤ ਮੰਤਰੀ ਨੇ ਕਿਹਾ, “ਯੂਵੀਕੈਨ ਫਾਊਂਡੇਸ਼ਨ ਨਾਲ ਸਾਡੀ ਭਾਈਵਾਲੀ ਅਤੇ ਮੋਗਾ ਵਿੱਚ ਐਸਐਮਐਸਬੀ ਪ੍ਰੋਗਰਾਮ ਨੂੰ ਲਾਗੂ ਕਰਨਾ ਸਾਡੇ ਗੈਰ-ਸੰਚਾਰੀ ਰੋਗ ਨਿਯੰਤਰਣ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਸਾਡੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਸਮਰਪਿਤ ਹਾਂ ਕਿ ਮੋਗਾ ਵਿੱਚ ਔਰਤਾਂ ਲਈ ਅਤਿ-ਆਧੁਨਿਕ ਸਕ੍ਰੀਨਿੰਗ ਤਕਨਾਲੋਜੀਆਂ ਅਤੇ ਸਮੇਂ ਸਿਰ ਦੇਖਭਾਲ ਤੱਕ ਪਹੁੰਚ ਯਕੀਨੀ ਬਣਾਈ ਜਾਵੇ।”

ਯੂਵੀਕੈਨ ਫਾਊਂਡੇਸ਼ਨ (ਸੀਐਆਰ ਭਾਈਵਾਲ ਸ਼ੀਓਮੀ ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ) ਦਾ ਐਸਐਮਐਸਬੀ ਪ੍ਰੋਗਰਾਮ ਇੱਕ ਬਹੁ-ਪੱਖੀ ਪਹੁੰਚ ਦਾ ਲਾਭ ਉਠਾਏਗਾ ਜਿਸ ਵਿੱਚ ਭਾਈਚਾਰਕ ਜਾਗਰੂਕਤਾ ਮੁਹਿੰਮਾਂ, ਛਾਤੀ ਦੀ ਸਵੈ-ਜਾਂਚ ਬਾਰੇ ਸਿਖਲਾਈ, ਨਵੀਨਤਾਕਾਰੀ ਆਈਬੀਈ ਡਿਵਾਈਸ ਦੀ ਵਰਤੋਂ ਕਰਕੇ ਸਕ੍ਰੀਨਿੰਗ, ਡਾਇਗਨੌਸ ਲਈ ਰੈਫਰਲ ਲਿੰਕੇਜ, ਤਕਨਾਲੋਜੀ-ਸੰਚਾਲਿਤ ਨਿਗਰਾਨ ਪ੍ਰਣਾਲੀ ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਸ਼ਾਮਲ ਹੈ।

ਕੈਂਸਰ ਦਾ ਜਲਦ ਪਤਾ ਲਗਾਉਣ ਦੇ ਪ੍ਰਭਾਵ ਬਾਰੇ ਬੋਲਦਿਆਂ, ਸਿਹਤ ਮੰਤਰੀ ਨੇ ਕਿਹਾ, “ਅੰਕੜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਕੈਂਸਰ ਦਾ ਜਲਦ ਪਤਾ ਲਗਾਉਣ ਨਾਲ ਬਚਾਅ ਦਰ ਵਿੱਚ ਕਾਫ਼ੀ ਸੁਧਾਰ ਹੁੰਦਾ ਹੈ ਅਤੇ ਇਲਾਜ ਲਾਗਤ ਘਟਦੀ ਹੈ। ਇਹ ਅਸਵੀਕਾਰਨਯੋਗ ਹੈ ਕਿ 70 ਫ਼ੀਸਦ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦਾ ਪਤਾ ਐਡਵਾਂਸ ਸਟੇਜ ‘ਤੇ ਲਗਾਇਆ ਜਾਂਦਾ ਹੈ। ਇਸ ਪਹਿਲਕਦਮੀ ਰਾਹੀਂ, ਸਾਡਾ ਉਦੇਸ਼ ਮੋਗਾ ਵਿੱਚ ਉਸ ਰੁਝਾਨ ਨੂੰ ਬਦਲਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਵੱਧ ਤੋਂ ਵੱਧ ਔਰਤਾਂ ਵਿੱਚ ਕੈਂਸਰ ਦਾ ਜਲਦ ਅਤੇ ਵਧੇਰੇ ਇਲਾਜਯੋਗ ਸਟੇਜ ‘ਤੇ ਪਤਾ ਲਗਾਇਆ ਜਾ ਸਕੇ।”

ਸਿਹਤ ਮੰਤਰੀ ਨੇ “ਯੂਵੀਕੈਨ ਫਾਊਂਡੇਸ਼ਨ ਨਾਲ ਭਵਿੱਖ ਵਿੱਚ ਮਿਲ ਕੇ ਕੰਮ ਕਰਨ ਦੀ ਉਮੀਦ ਅਤੇ ਵਚਨਬੱਧਤਾ ਦਾ ਸੰਦੇਸ਼ ਦਿੱਤਾ। ਉਹਨਾਂ ਅੱਗੇ ਕਿਹਾ ਕਿ ਇਸ ਪਹਿਲ ਨਾਲ ਮੋਗਾ ਦੀਆਂ ਔਰਤਾਂ ਦੇ ਜੀਵਨ ਵਿੱਚ ਅਸਲ ਫ਼ਰਕ ਲਿਆਇਆ ਜਾ ਸਕੇਗਾ। ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਜਾਨਾਂ ਬਚਾਉਣਾ, ਇਸ ਬੀਮਾਰੀ ਦਾ ਸਮੇਂ ਸਿਰ ਪਤਾ ਲਗਾਉਣਾ ਅਤੇ ਪੰਜਾਬ ਵਿੱਚ ਸਾਰੀਆਂ ਔਰਤਾਂ ਲਈ ਇੱਕ ਸਿਹਤਮੰਦ ਭਵਿੱਖ ਸਿਰਜਣਾ ਹੈ। ਇਹ ਸਮਝੌਤਾ ਔਰਤਾਂ ਦੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਸੂਬਾ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਮੋਗਾ ਵਿੱਚ ਛਾਤੀ ਸਬੰਧੀ ਜਾਂਚ ਸੇਵਾਵਾਂ ਸਥਾਪਤ ਕਰਨ, ਰਾਜ ਦੇ ਮੌਜੂਦਾ ਐਨਸੀਡੀ ਕੰਟਰੋਲ ਪ੍ਰੋਗਰਾਮਾਂ ਵਿੱਚ ਐਸਐਮਐਸਬੀ ਪ੍ਰੋਟੋਕੋਲ ਨੂੰ ਏਕੀਕ੍ਰਿਤ ਕਰਨ ਅਤੇ ਇਹ ਯਕੀਨੀ ਬਣਾਉਣ ‘ਤੇ ਕੇਂਦ੍ਰਤ ਹੋਵੇਗਾ ਕਿ ਸਿਹਤ ਸੰਭਾਲ ਪ੍ਰਦਾਤਾ ਛਾਤੀ ਦੇ ਕੈਂਸਰ ਦੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਹਨ। ਜਨਤਕ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਅਤੇ ਭਾਈਚਾਰਕ ਜਾਗਰੂਕਤਾ ਮੁਹਿੰਮਾਂ ਪਹਿਲਕਦਮੀ ਦੀ ਸਫਲਤਾ ਦਾ ਮੁੱਖ ਕੇਂਦਰ ਹੋਣਗੀਆਂ।

ਇਸ ਮੌਕੇ ਸਿਹਤ ਮੰਤਰੀ ਦੀ ਮੌਜੂਦਗੀ ਵਿੱਚ ਦੋ ਹੋਰ ਸਮਝੌਤਿਆਂ ‘ਤੇ ਵੀ ਦਸਤਖਤ ਕੀਤੇ ਗਏ। ਸਮਝੌਤਿਆਂ ਵਿੱਚ ਪ੍ਰਾਇਮਰੀ ਕੇਅਰ ਇਨੋਵੇਸ਼ਨ ਯੂਨਿਟ ਦੀ ਸਥਾਪਨਾ ਲਈ ਸਵਾਸਥ ਡਿਜੀਟਲ ਹੈਲਥ ਫਾਊਂਡੇਸ਼ਨ ਸ਼ਾਮਲ ਹੈ ਜਿਸ ਤਹਿਤ ਸਵਾਸਥ ਅਲਾਇੰਸ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅੰਦਰ ਪ੍ਰਾਇਮਰੀ ਕੇਅਰ ਇਨੋਵੇਸ਼ਨ ਯੂਨਿਟ ਦੀ ਸਥਾਪਨਾ ਦਾ ਸਮਰਥਨ ਕਰੇਗਾ ਜਿਸ ਰਾਹੀਂ ਰਾਜ ਵਿੱਚ ਨਵੀਨਤਾਕਾਰੀ ਹੱਲਾਂ ਨੂੰ ਸੰਚਾਲਨ ਕੀਤਾ ਜਾ ਸਕਦਾ ਹੈ।

ਕੈਨਸਪੋਰਟ ਸੰਸਥਾ ਨਾਲ ਪੈਲੀਏਟਿਵ ਕੇਅਰ ਸਬੰਧੀ ਇੱਕ ਹੋਰ ਸਮਝੌਤਾ ਸਹੀਬੰਦ ਕੀਤਾ ਗਿਆ, ਇਸ ਰਾਹੀਂ ਸੰਸਥਾ ਪੰਜਾਬ ਰਾਜ ਵਿੱਚ ਸਟੇਟ ਪੈਲੀਏਟਿਵ ਕੇਅਰ ਨੀਤੀ ਨੂੰ ਲਾਗੂ ਕਰਨ ਵਿੱਚ ਸਿਹਤ ਵਿਭਾਗ ਦਾ ਸਮਰਥਨ ਕਰੇਗੀ।

ਇਸ ਮੌਕੇ ਮੌਜੂਦ ਮੁੱਖ ਅਧਿਕਾਰੀਆਂ ਵਿੱਚ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ ਸਿਹਤ-ਕਮ-ਐਮਡੀ, ਐਨਐਚਐਮ ਘਨਸ਼ਿਆਮ ਥੋਰੀ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਜਸਮਿੰਦਰ, ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰੋਗਰਾਮ ਅਫਸਰ (ਐਨਪੀ-ਐਨਸੀਡੀ) ਡਾ. ਗਗਨਦੀਪ ਸਿੰਘ ਗਰੋਵਰ ਅਤੇ ਸਹਾਇਕ ਡਾਇਰੈਕਟਰ ਡਾ. ਬਲਵਿੰਦਰ ਕੌਰ ਸ਼ਾਮਲ ਸਨ।

Published on: ਅਪ੍ਰੈਲ 26, 2025 9:11 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।