ਦਲਜੀਤ ਕੌਰ
ਸੰਗਰੂਰ, 30 ਅਪ੍ਰੈਲ, 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਨਗਰ ਨਿਗਮ ਪਟਿਆਲਾ ਦੇ ਡਿਪਟੀ ਮੇਅਰ ਅਤੇ ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਪੂਰਬੀ ਜ਼ੋਨ ਦੇ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ ਵੱਲੋਂ ਅੱਜ ਮੋਰਚੇ ਵੱਲੋਂ ਸੰਗਰੂਰ ਜ਼ਿਲ੍ਹੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਅਹੁਦੇਦਾਰਾਂ ਨੂੰ ਲਾਮਬੰਦ ਕੀਤਾ। ਇਸ ਮੌਕੇ ਬੋਲਦਿਆਂ ਜਗਦੀਪ ਜਿਗਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀਆਂ ਫੈਸਲਾਕੁੰਨ ਗਤੀਵਿਧੀਆਂ ਸਦਕਾ ਅੱਜ ਤਸਕਰ ਸੂਬਾ ਛੱਡ ਕੇ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਨੂੰ ਸਖ਼ਤੀ ਨਾਲ ਰੋਕਿਆ ਜਾ ਰਿਹਾ ਹੈ ਅਤੇ ਤਸਕਰਾਂ ਦੇ ਘਰ ਢਾਹ ਕੇ ਸਖ਼ਤ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜਾਂ ਤਾਂ ਨਸ਼ਿਆਂ ਦਾ ਕਾਲਾ ਕਾਰੋਬਾਰ ਛੱਡ ਦਿੱਤਾ ਜਾਵੇ ਜਾਂ ਫਿਰ ਪੰਜਾਬ ਛੱਡ ਦਿੱਤਾ ਜਾਵੇ।
ਸ. ਜੱਗਾ ਨੇ ਕਿਹਾ ਕਿ ਮਾਨ ਸਰਕਾਰ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਨਸ਼ਾ ਮੁਕਤੀ ਮੋਰਚਾ ਵੱਲੋਂ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਰਲ ਕੇ 2 ਮਈ ਤੋਂ ਪਿੰਡ-ਪਿੰਡ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਬਾਕੀ ਬਚੇ ਨਸ਼ਾ ਤਸਕਰਾਂ ਦੀ ਪਛਾਣ ਕੀਤੀ ਜਾਵੇਗੀ ਤਾਂ ਜੋ ਇਸ ਕੋਹੜ ਨੂੰ ਜੜ੍ਹੋਂ ਪੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਸ ਯਾਤਰਾ ਤਹਿਤ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਹੀ ਇਲਾਜ ਕਰਵਾਉਣਾ ਵੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪਹਿਲਾਂ ਹੀ ‘ਵਿਲੈਜ ਡਿਫੈਂਸ ਕਮੇਟੀਆਂ’ ਦਾ ਗਠਨ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਹੋਰਨਾਂ ਇਲਾਵਾ ਸੰਗਰੂਰ ਦੇ ਜ਼ਿਲ੍ਹਾ ਕੋਆਰਡੀਨੇਟਰ ਲਵਦੀਪ ਸ਼ਰਮਾ, ਹਲਕਾ ਸੰਗਰੂਰ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਫੱਗੂਵਾਲ, ਧੂਰੀ ਦੇ ਰਸ਼ਪਾਲ ਭੁੱਲਰਹੇੜੀ, ਸੁਨਾਮ ਦੇ ਸੰਦੀਪ ਸਿੰਘ ਦੁੱਗਲ, ਦਿੜ੍ਹਬਾ ਦੇ ਹਰਪ੍ਰੀਤ ਸਿੰਘ ਹਾਜ਼ਰ ਸਨ।
Published on: ਅਪ੍ਰੈਲ 30, 2025 4:17 ਬਾਃ ਦੁਃ