ਨਾਟਕਾਂ ਅਤੇ ਗੀਤਾਂ ਭਰੀ ਰਾਤ; ਪੰਜਾਬੀ ਭਵਨ ਲੁਧਿਆਣਾ ਚੜ੍ਹਿਆ ਲੋਕ-ਪੱਖੀ ਸਭਿਆਚਾਰ ਦਾ ਸੂਹਾ ਸੂਰਜ 

Published on: May 2, 2025 9:33 pm

ਮਨੋਰੰਜਨ

ਨਾਟਕਾਂ ਅਤੇ ਗੀਤਾਂ ਭਰੀ ਰਾਤ; ਪੰਜਾਬੀ ਭਵਨ ਲੁਧਿਆਣਾ ਚੜ੍ਹਿਆ ਲੋਕ-ਪੱਖੀ ਸਭਿਆਚਾਰ ਦਾ ਸੂਹਾ ਸੂਰਜ 

ਡਾ. ਸੁਰਿੰਦਰ ਧੰਜਲ, ਬੂਟਾ ਸਿੰਘ ਮਹਿਮੂਦਪੁਰ ਅਤੇ ਸੁਮਨ ਲਤਾ ਨੂੰ ਭੇਂਟ ਕੀਤਾ ਗੁਰਸ਼ਰਨ ਕਲਾ ਸਨਮਾਨ 

ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਲਾਕਾਰਾਂ ਲਈ ਭੇਜਿਆ ਨਜ਼ਰਾਨਾ 

ਦਲਜੀਤ ਕੌਰ 

ਲੁਧਿਆਣਾ, 2 ਮਈ, 2025: ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ ) ਵੱਲੋਂ ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਅਮਰ ਸ਼ਹੀਦਾਂ ਅਤੇ ਸੰਗਰਾਮੀਆਂ ਨੂੰ ਸਮਰਪਿਤ ਪਿਛਲੇ 43 ਸਾਲ ਤੋਂ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਇਸ ਵਾਰ ਵੀ ਬਦਲਵੇਂ ਇਨਕਲਾਬੀ ਸਭਿਆਚਾਰ ਦੇ ਸੂਹੇ ਸੂਰਜ ਦੀਆਂ ਰਿਸ਼ਮਾਂ ਨਾਲ਼ ਲੋਕ ਮਨਾਂ ਨੂੰ ਰੁਸ਼ਨਾਉਣ ਵਿਚ ਸਫ਼ਲ ਹੋ ਨਿਬੜੀ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ਼ ਮਨਾਈ ਲੋਕਾਂ ਦਾ ਇਨਕਲਾਬੀ ਸਭਿਆਚਾਰਕ ਉਤਸ਼ਵ ਬਣੀਂ ਇਹ ਰਾਤ, ਸਾਹਿਤ ਅਤੇ ਕਲਾ ਦਾ ਮਿਹਨਤਕਸ਼ ਲੋਕਾਂ ਦਰਮਿਆਨ ਖੂਬਸੂਰਤ ਪੁਲ਼ ਸਿਰਜਣ ਵਿਚ ਸਫ਼ਲ ਰਹੀ।

ਸੂਰਜ ਦੀ ਟਿੱਕੀ ਛਿਪਦਿਆਂ ਹੀ ਇੱਕ ਹੋਰ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਰਗੇ ਜਾਪ ਰਹੇ ਸਨ ਪੰਜਾਬੀ ਭਵਨ ਦੇ ਵਿਹੜੇ ਆ ਰਹੇ ਨੰਨ੍ਹੇ ਮੁੰਨੇ ਬਾਲ, ਨੌਜਵਾਨ ਮੁੰਡੇ ਕੁੜੀਆਂ ਦੇ ਜੱਥੇ, ਮਜ਼ਦੂਰ, ਕਿਸਾਨ ਬੇਰੁਜ਼ਗਾਰ, ਵਿਦਿਆਰਥੀ, ਲੇਖਕ ਕਵੀ ਗਾਇਕ, ਚਿਤਰਕਾਰ, ਰੰਗ ਕਰਮੀ, ਤਰਕਸ਼ੀਲ ਅਤੇ ਜਮਹੂਰੀ ਕਾਮੇਂ। ਪੰਜਾਬੀ ਭਵਨ ਲੁਧਿਆਣਾ ਦਾ ਘਾਹ ਪਾਰਕ ਆਪਣੇ ਆਪ ‘ਚ ਪੁਸਤਕ ਮੇਲੇ ਦਾ ਪ੍ਰਭਾਵ ਸਿਰਜ ਰਿਹਾ ਸੀ। ਇਸ ਰਾਤ ਮਈ ਦੇ ਸ਼ਹੀਦਾਂ ਅਤੇ ਵਿਸ਼ੇਸ਼ ਤੌਰ ਤੇ ਸਾਮਰਾਜੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਵੱਲੋਂ ਲੋਕਾਂ ਦੀ ਅੰਨ੍ਹੀ ਲੁੱਟ ਲਈ ਰਾਹ ਮੋਕਲੇ ਕਰਨ ਵਾਸਤੇ ਹਰ ਤਰ੍ਹਾਂ ਦੀ ਲੋਕ ਆਵਾਜ਼ ਨੂੰ ਬੁਲਡੋਜ਼ਰਾਂ ਹੇਠ ਦਰੜ ਦੇਣ ਦੇ ਮਨਸੂਬਿਆਂ ਖ਼ਿਲਾਫ਼ ਲੜਦੇ ਲੋਕਾਂ ਲਈ ਪ੍ਰੇਰਨਾਦਾਇਕ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ (1925-2025) ਨੂੰ ਸਿਜਦਾ ਕੀਤਾ ਗਿਆ।

ਇਸ ਰਾਤ ਸਾਹਿਤ, ਕਲਾ ਅਤੇ ਜਮਹੂਰੀ ਲੋਕ ਆਵਾਜ਼ ਦੀਆਂ ਬੁਲੰਦ ਸ਼ਖ਼ਸ਼ੀਅਤਾਂ ਡਾ.ਸੁਰਿੰਦਰ ਧੰਜਲ, ਬੂਟਾ ਸਿੰਘ ਮਹਿਮੂਦਪੁਰ ਅਤੇ ਰੰਗ ਕਰਮੀ ਸੁਮਨ ਲਤਾ ਨੂੰ ਪਲਸ ਮੰਚ ਵੱਲੋਂ ਗੁਰਸ਼ਰਨ ਕਲਾ ਸਨਮਾਨ ਨਾਲ਼ ਸਨਮਾਨਿਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪ੍ਰੋ. ਵਰਿਆਮ ਸਿੰਘ ਸੰਧੂ ਦਾ ਵੀ ਇਸ ਰਾਤ ਮਾਣਮੱਤੇ ਅੰਦਾਜ਼ ਵਿਚ ਸਨਮਾਨ ਕੀਤਾ ਜਾਣਾ ਸੀ ਉਹਨਾਂ ਨੂੰ ਮੈਡੀਕਲ ਚੈੱਕਅਪ ਦੇ ਨਾ ਟਾਲੇ ਜਾ ਸਕਣ ਵਾਲੇ ਰੁਝੇਵੇਂ ਕਾਰਨ ਕਨੇਡਾ ਜਾਣਾ ਪਿਆ ਉਹਨਾਂ ਨੂੰ ਕਿਸੇ ਹੋਰ ਢੁਕਵੇਂ ਮੌਕੇ ਤੇ ਸਨਮਾਨਿਤ ਕਰਨ ਦੀ ਪਲਸ ਮੰਚ ਖੁਸ਼ੀ ਲਵੇਗਾ।

ਡਾ. ਸੁਰਿੰਦਰ ਧੰਜਲ ਨੇ ਪਲਸ ਮੰਚ ਨੂੰ ਜਾਣਕਾਰੀ ਦਿੱਤੀ ਕਿ ਅੱਜ ਪੇਸ਼ਕਾਰੀਆਂ ਕਰਨ ਵਾਲੀਆਂ ਸਮੂਹ ਨਾਟ ਅਤੇ ਸੰਗੀਤ ਮੰਡਲੀਆਂ ਦਾ ਸਨਮਾਨ ਕਰਨ ਲਈ ਆਹਲਾ ਦਰਜੇ ਦੀਆਂ ਕਿਤਾਬਾਂ ਦੇ ਸਾਰੇ ਸੈੱਟ ਜਾਣ ਤੋਂ ਪਹਿਲਾਂ ਪ੍ਰੋ ਵਰਿਆਮ ਸਿੰਘ ਸੰਧੂ ਨੇ ਪਲਸ ਮੰਚ ਲਈ ਦਿੱਤੀਆਂ ਜੋ ਅੱਜ ਕਲਾਕਾਰਾਂ ਨੂੰ ਪਲਸ ਮੰਚ ਨੇ ਭੇਂਟ ਕੀਤੀਆਂ।

ਇਹਨਾਂ ਸ਼ਖ਼ਸੀਅਤਾਂ ਦੇ ਸਨਮਾਨ ਮੌਕੇ ਪਲਸ ਮੰਚ ਦੇ ਅਹੁਦੇਦਾਰ ਅਮੋਲਕ ਸਿੰਘ ਪ੍ਰਧਾਨ, ਕੰਵਲਜੀਤ ਖੰਨਾ ਜਨਰਲ ਸਕੱਤਰ,ਕਸਤੂਰੀ ਲਾਲ ਵਿੱਤ ਸਕੱਤਰ, ਹਰਕੇਸ਼ ਚੌਧਰੀ ਸਹਾਇਕ ਸਕੱਤਰ ਸੂਬਾ ਕਮੇਟੀ ਮੈਂਬਰ ਜਸਵਿੰਦਰ ਪੱਪੀ, ਹਰਵਿੰਦਰ ਦੀਵਾਨਾ ਤੋਂ ਇਲਾਵਾ ਪ੍ਰੋ. ਜਗਮੋਹਣ ਸਿੰਘ, ਡਾ. ਅਰੀਤ , ਰੰਗ ਕਰਮੀ ਮਨਜੀਤ ਕੌਰ ਔਲਖ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਪੰਧੇਰ ਨੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਮੁਬਾਰਕਵਾਦ ਦਿੱਤੀ।

ਇਸ ਉਪਰੰਤ ਜਗਮੋਹਣ ਜੋਸ਼ੀ ਦੀ ਰਚਨਾ ‘ਐ ਲਾਲ ਫਰੇਰੇ ਤੇਰੀ ਕਸਮ’ ਐਕਸ਼ਨ ਗੀਤ ਨਾਲ਼ ਆਵਾਮੀ ਰੰਗ ਮੰਚ ਸਿਹੌੜਾ (ਨਿਰਦੇਸ਼ਕ: ਸ਼ੈਰੀ ਸਿਹੌੜਾ ਅਤੇ ਪਾਵੇਲ ਸਿਹੌੜਾ) ਨੇ ਪਹਿਲੀ ਮਈ ਦੇ ਸ਼ਹੀਦਾਂ ਅਤੇ ਬਸਤਰ ਜੰਗਲ ਖੇਤਰ ਵਿਚ ਮਾਰੇ ਜਾ ਰਹੇ ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ਦੀ ਵੰਗਾਰਮਈ ਕਹਾਣੀ ਇਉਂ ਪੇਸ਼ ਕੀਤੀ ਜਿਸਦਾ ਖਚਾ ਖਚ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜ ਨਾਲ਼ ਸਵਾਗਤ ਕੀਤਾ।

ਗ਼ਦਰੀ ਗੁਲਾਬ ਕੌਰ ਦੇ ਜੀਵਨ ਸੰਗਰਾਮ ਦੀ ਗਾਥਾ ‘ਤੂੰ ਚਰਖ਼ਾ ਘੁਕਦਾ ਰੱਖ ਜਿੰਦੇ’ ਨਾਟਕ ਨਾਲ਼ ਪਹਿਲੇ ਨਾਟਕ ਦਾ ਪਰਦਾ ਉੱਠਿਆ। ਪ੍ਰੋ.ਅਜਮੇਰ ਔਲਖ ਦੀ ਰਚਨਾ ਅਤੇ ਉਹਨਾਂ ਦੀ ਧੀ ਅਜਮੀਤ ਦੀ ਨਿਰਦੇਸ਼ਨਾ ‘ਚ ਲੋਕ ਕਲਾ ਮੰਚ ਮਾਨਸਾ ਦੀ ਟੀਮ ਨੇ ਗ਼ਦਰੀ ਗੁਲਾਬ ਕੌਰ ਵੱਲੋਂ ਨਿਭਾਈ ਇਤਿਹਾਸਕ ਭੂਮਿਕਾ ਦੇ ਮੰਚਣ ਰਾਹੀਂ ਦਰਸਾਇਆ ਕਿ ਵਿਅਕਤੀਗਤ, ਪਰਿਵਾਰਕ ਅਤੇ ਰਾਜਨੀਤਕ ਪਿੜ ਅੰਦਰ ਔਰਤ ਨੂੰ ਪੂਰੇ ਧੜੱਲੇ ਨਾਲ਼ ਆਪਣੀ ਆਜ਼ਾਦ ਹਸਤੀ ਦਾ ਪਰਚਮ ਲਹਿਰਾਉਣ ਲਈ ਅੱਗੇ ਆਉਣ ਦੀ ਲੋੜ ਹੈ।

ਗੁਰਦਿਆਲ ਸਿੰਘ ਫੁੱਲ ਦੇ ਨਾਟਕ ਦਾ ਗੁਰਸ਼ਰਨ ਭਾਅ ਜੀ ਵੱਲੋਂ ਤਿਆਰ ਸੰਖੇਪ ਰੂਪ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਨਾਟਕ ‘ਜਿਨ ਸੱਚ ਪੱਲੇ ਹੋਇ’ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਖੇਡਿਆ ਗਿਆ। ਜਿਸਨੇ ਅੰਧ-ਵਿਸ਼ਵਾਸ, ਪਾਖੰਡਵਾਦ ਦੇ ਬਖੀਏ ਉਧੇੜ ਦਿੱਤੇ। ਕਿਰਤ, ਸੂਝ ਬੂਝ ਅਤੇ ਸੰਘਰਸ਼ ਦੀ ਕੂੜ ਉਪਰ ਫਤਿਹ ਦਰਸਾਈ।ਅਮੋਲਕ ਸਿੰਘ ਦੀ ਰਚਨਾ ਓਪੇਰਾ ‘ਵਕ਼ਤ ਦੀ ਆਵਾਜ਼’ ਸਤਪਾਲ ਬੰਗਾ ਦੀ ਨਿਰਦੇਸ਼ਨਾ ‘ਚ ਪੀਪਲਜ਼ ਆਰਟ ਪਟਿਆਲਾ ਵੱਲੋਂ ਖੇਡਿਆ ਗਿਆ ਜਿਸਨੇ ਕਸ਼ਮੀਰ, ਆਦਿਵਾਸੀ, ਜੰਗਲ,ਜਲ ਜ਼ਮੀਨ, ਲੋਕਾਂ ਦੇ ਜਮਹੂਰੀ ਹੱਕਾਂ ਉਪਰ ਛਾਪਾ, ਅੰਧ ਰਾਸ਼ਟਰਵਾਦ ਦੇ ਹੱਲੇ, ਨਿਹੱਕੀ ਜੰਗ ,ਗ਼ਦਰੀ ਗੁਲਾਬ ਕੌਰ ਦੇ ਵਾਰਸ ਬਣਨ ਵਰਗੇ ਵਿਸੇ ਆਪਣੇ ਕਲਾਵੇ ਵਿਚ ਲਏ। ਓਪੇਰੇ ਨੇ ਦਰਸਾਇਆ ਕਿ ਰਾਜ ਅਤੇ ਸਮਾਜ ਦੀ ਬਦਲੀ ਹੀ ਇੱਕੋ ਇੱਕ ਸੁਵਲੜਾ ਰਾਹ ਹੈ।

 ਨਾਟਕ ‘ਕਾਲਖ਼ ਹਨੇਰੇ’ ਪ੍ਰੋ. ਅਜਮੇਰ ਸਿੰਘ ਔਲਖ ਦੀ ਰਚਨਾ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਚੇਤਨਾ ਕਲਾ ਕੇਂਦਰ ਬਰਨਾਲਾ ਵੱਲੋਂ ਖੇਡਿਆ ਗਿਆ ਜੋ ਕੁੱਖ਼ ਵਿਚ ਕਤਲ ਕੀਤੀਆਂ ਜਾ ਰਹੀਆਂ ਧੀਆਂ ਦਾ ਦਰਦ ਬਿਆਨਣ ਅਤੇ ਧੀਆਂ ਦਾ ਸਨਮਾਨ ਕਰਨ ਦਾ ਮੂੰਹ ਬੋਲਦਾ ਸਬੂਤ ਹੋ ਨਿਬੜਿਆ।

ਨਾਟਕ ’ਮੈਂ’ਤੁਸੀਂ ਕਿਤੇ ਨਹੀਂ ਗਿਆ’ ਰਚਨਾ:ਕੁਲਵਿੰਦਰ ਖਹਿਰਾ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ‘ਚ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵੱਲੋਂ ਖੇਡਿਆ ਗਿਆ ਜੋ ਸੁਨੇਹਾ ਦੇ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਕਤਲ ਤਾਂ ਕੀਤਾ ਜਾ ਸਕਦਾ ਹੈ ਪਰ ਉਸਦੀ ਸੋਚ ਨੂੰ ਨਹੀਂ।ਲੋਕ ਸੰਗੀਤ ਮੰਡਲੀ ਭਦੌੜ (ਨਿਰਦੇਸ਼ਕ ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਇਨਕਲਾਬੀ ਸਭਿਆਚਾਰਕ ਮੰਚ ‘ਦਸਤਕ’ ਦੇ ਕਲਾਕਾਰ ਗਾਇਕ ਸਾਰ੍ਹਾ, ਮੌਸਮ ਅਤੇ ਦਿਸ਼ਾ ਨੇ ਸਮਾਂ ਬੰਨ੍ਹ ਦਿੱਤਾ।ਜਸਬੀਰ ਜੱਸੀ, ਹਰਬੰਸ ਘਣੀਆਂ, ਅਜਮੇਰ ਅਕਲੀਆ ਕਮਲਦੀਪ ਜਲੂਰ, ਨਿਸ਼ਾ ਫਗਵਾੜਾ ਨੇ ਵੀ ਗੀਤ ਸੰਗੀਤ ਦਾ ਰੰਗ ਭਰਿਆ।

ਰੰਗ ਮੰਚ ਅਤੇ ਲੋਕਾਂ ਦੀ ਗਲਵੱਕੜੀ ਦੇ ਮਹੱਤਵ, ਰੰਗ ਮੰਚ ਨੂੰ ਦਰਪੇਸ਼ ਚੁਣੌਤੀਆਂ ਅਤੇ ਰੰਗ ਮੰਚ ਦੀ ਮਜ਼ਬੂਤੀ ਲਈ ਕੀ ਕਰਨਾ ਲੋੜੀਏ ਵਿਸੇ ‘ਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਰੰਗ ਕਰਮੀ ਡਾ.ਅਰੀਤ ਨੇ ਵਿਚਾਰ ਸਾਂਝੇ ਕੀਤੇ।

ਉਹਨਾਂ ਜੋਰ ਦੇ ਕੇ ਕਿਹਾ ਕਿ ਸਮੂਹ ਮਿਹਨਤਕਸ਼ ਤਬਕਿਆਂ ਉਹਨਾਂ ਦੀਆਂ ਜੱਥੇਬੰਦੀਆਂ ਅਤੇ ਪਲਸ ਮੰਚ ਵਰਗੀਆਂ ਸੰਸਥਾਵਾਂ ਨੂੰ ਆਪਣੀ ਆਪਣੀ ਵਿਸ਼ੇਸ਼ ਭੂਮਿਕਾ ਅਦਾ ਕਰਦਿਆਂ ਪ੍ਰਸਪਰ ਸਹਿਯੋਗ ਹੋਰ ਵਧਾਉਣ ਦੀ ਲੋੜ ਹੈ।

ਸਮਾਗਮ ਵੱਲੋਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤੇ: 

ਸਮਾਗਮ ਵੱਲੋਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤਿਆਂ ‘ਚ ਪਹਿਲਗਾਮ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ਼ ਸਾਂਝਾ ਕੀਤਾ। 

ਇਹ ਵੀ ਮਤਾ ਪਾਸ ਕੀਤਾ ਕਿ ਅੰਧ ਰਾਸ਼ਟਰਵਾਦ ਦਾ ਓਟ ਆਸਰਾ ਲੈਕੇ ਭਰਾ ਮਾਰ ਜੰਗ ਛੇੜਨ ਦੇ ਕੋਝੇ ਯਤਨ ਬੰਦ ਕੀਤੇ ਜਾਣ।

ਜੰਗਲ, ਜਲ, ਜ਼ਮੀਨ, ਅਤੇ ਕੁਦਰਤੀ ਸਾਧਨਾਂ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਲਈ ਬਸਤਰ, ਛਤੀਸਗੜ੍ਹ ਅਤੇ ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ਦਾ ਘਿਰਾਓ, ਉਜਾੜਾ ਅਤੇ ਕਤਲੇਆਮ ਬੰਦ ਕੀਤਾ ਜਾਏ।

ਪੰਜਾਬ ਪੁਲਸ ਰਾਜ ਬਣਾ ਧਰਨ, ਜਬਰੀ ਜ਼ਮੀਨਾਂ ਖੋਹਣ ਅਤੇ ਬਾਇਓ ਗੈਸ ਪਲਾਂਟ ਲਾਉਣ ਖ਼ਿਲਾਫ਼ ਹੱਕੀ ਆਵਾਜ਼ ਬੁਲੰਦ ਕਰਦੇ ਲੋਕਾਂ ਉਪਰ ਕਹਿਰ ਦੇ ਝੱਖੜ ਝੁਲਾਉਣਾ ਬੰਦ ਕੀਤਾ ਜਾਏ।

ਫ਼ਲਸਤੀਨੀ ਲੋਕਾਂ ਦਾ ਨਸਲਘਾਤ ਬੰਦ ਕਰਨ ਦੀ ਮੰਗ ਕੀਤੀ ਗਈ।

ਜਿਉਂਦ, ਚਾਉਕੇ, ਅਖਾੜਾ, ਗੁਰਦਾਸਪੁਰ, ਚਮਕੌਰ ਸਾਹਿਬ ਆਦਿ ਵਰਗੇ ਅਨੇਕਾਂ ਥਾਵਾਂ ਤੇ ਜੂਝਦੇ ਲੋਕਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ।

ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਸਾਹਿਤਕਾਰਾਂ, ਲੇਖਕਾਂ, ਰੰਗ ਕਰਮੀਆਂ ਪੱਤਰਕਾਰਾਂ ਅਤੇ ਜਮਹੂਰੀ ਹੱਕਾਂ ਦੇ ਝੰਡਾਬਰਦਾਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ।

ਲੋਕਾਂ ਦੇ ਮੌਲਿਕ ਹੱਕਾਂ ਦਾ ਗਲਾ ਦਬਾਉਣ ਮੁਸਲਮਾਨ ਭਾਈਚਾਰੇ ਨੂੰ ਚੋਣਵਾਂ ਨਿਸ਼ਾਨਾ ਬਣਾਉਣ ਦੇ ਕੋਝੇ ਕਦਮ ਵਾਪਸ ਲਏ ਜਾਣ।

ਅੱਗ ਲੱਗਣ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਪੈਣ ਕਾਰਨ ਪੀੜਤ ਪਰਿਵਾਰਾਂ ਦੀ ਸਰਕਾਰ ਵੱਲੋਂ ਮੱਦਦ ਕਰਨ ਦੀ ਮੰਗ ਕਰਦਾ ਮਤਾ ਪਾਸ ਕੀਤਾ ਗਿਆ।

ਭਰੇ ਪੰਡਾਲ ਨੇ ਹੱਥ ਖੜ੍ਹੇ ਕਰ ਕੇ ਇਹਨਾਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ। ਇਸ ਰਾਤ ਦੇ ਸਮਾਗਮ ਦਾ ਮੰਚ ਸੰਚਾਲਨ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।