ਮੋਰਿੰਡਾ,03ਮਈ ( ਭਟੋਆ )
ਪਿਛਲੇ ਦਿਨੀ ਦੁਬਈ ‘ਚ” ਕੁੱਲ 18 ਮੁਲਕਾਂ ਦੀਆਂ ਖਿਡਾਰਨਾਂ ਦੇ ਹੋਏ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਮੋਰਿੰਡਾ ਦੀ ਪ੍ਰੀਤੀ ਅਰੋੜਾ ਨੇ ਗੋਲਡ ਮੈਡਲ ਹਾਸਲ ਕਰਕੇ ਭਾਰਤ ਦੇ ਨਾਲ ਪੰਜਾਬ ਅਤੇ ਆਪਣੇ ਸ਼ਹਿਰ ਮੋਰਿੰਡਾ ਦਾ ਨਾਂਅ ਵੀ ਵਿਸ਼ਵ ਪੱਧਰ ਤੇ’ ਰੌਸ਼ਨ ਕੀਤਾ। ਗੋਲਡ ਮੈਡਲ ਜਿੱਤਣ ਤੋਂ ਬਾਅਦ ਆਪਣੇ ਮੁਲਕ ਭਾਰਤ ਅਤੇ ਮੋਰਿੰਡਾ ਪਰਤਣ ਤੇ” ਬੀਤੀ ਦੇਰ ਸ਼ਾਮ ਪ੍ਰੀਤੀ ਅਰੋੜਾ ਦਾ ਭਾਜਪਾ ਤੇ ਆਪ ਆਗੂਆਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੌਜੂਦ ਭਾਜਪਾ ਮਹਿਲਾ ਮੋਰਚਾ ਦੇ ਪ੍ਰਧਾਨ ਸ਼੍ਰੀਮਤੀ ਮੋਨਿਕਾ ਕੱਕੜ, ਸ਼੍ਰੀ ਸਵਰਨ ਸਿੰਘ ਸੈਂਪਲਾ, ਹਰਪਿੰਦਰ ਸਿੰਘ ਰਾਣਾ, ਰੰਮੀ ਕੱਕੜ,ਸੁਖਜੀਤ ਸਿੰਘ ਆਦਿ ਆਗੂਆਂ ਨੇ ਪ੍ਰੀਤੀ ਅਰੋੜਾ ਦੇ ਮੋਰਿੰਡਾ ਪਹੁੰਚਣ ਤੇ” ਉਸਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਤੇ ਉਸਦਾ ਮੂੰਹ ਮਿੱਠਾ ਕਰਵਾਇਆ। ਇਸੇ ਦੌਰਾਨ ਆਪ ਆਗੂ ਨਵਦੀਪ ਸਿੰਘ ਟੋਨੀ ਅਤੇ ਨਿਰਮਲਪ੍ਰੀਤ ਸਿੰਘ ਮਿਹਰਬਾਨ ਵੱਲੋ ਵੀ ਪ੍ਰੀਤੀ ਆਰੋੜਾ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖਿਡਾਰਣ ਪ੍ਰੀਤੀ ਅਰੋੜਾ ਨੇ ਦੱਸਿਆ ਕਿ ਉਹ ਪਿੱਛਲੇ ਦਿਨੀ ਦੁਬਈ ‘ਚ ਹੋਏ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਆਪਣੇ ਮੁਲਕ ਭਾਰਤ ਵੱਲੋਂ ਭਾਗ ਲੈਣ ਗਈ ਸੀ,ਜਿੱਥੇ ਉਸ ਨੇ ਕੁੱਲ 18 ਮੁਲਕਾਂ ਦੀਆਂ ਬਾਡੀ ਬਿਲਡਰ ਖਿਡਾਰਣਾ ਨਾਲ ਹੋਏ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਪ੍ਰੀਤੀ ਅਰੋੜਾ ਨੇ ਦੱਸਿਆ ਕਿ ਗੋਲਡ ਮੈਡਲ ਜਿੱਤਣ ਉਪਰੰਤ ਜਦੋਂ ਭਾਰਤ ਦੇ ਰਾਸ਼ਟਰੀ ਗੀਤ ਦੀਆਂ ਸੰਗੀਤਕ ਧੁੰਨਾ ਨਾਲ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤਾਂ ਉਸ ਨੂੰ ਬਹੁਤ ਮਾਣ ਮਹਿਸੂਸ ਹੋਇਆ। ਪ੍ਰੀਤੀ ਅਰੋੜਾ ਨੇ ਭਾਜਪਾ ਆਗੂਆਂ ਅਤੇ ਸ਼ਹਿਰ ਨਿਵਾਸੀਆਂ ਦਾ ਦਿੱਤੇ ਗਏ ਇਸ ਮਾਣ-ਸਤਿਕਾਰ ਲਈ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ,ਪੰਜਾਬ ਅਤੇ ਜਿਲ੍ਹਾ ਰੂਪਨਗਰ ਦੇ ਸ਼ਹਿਰ ਮੋਰਿੰਡਾ ਦਾ ਵਿਸ਼ਵ ਪੱਧਰ ਤੇ’ ਨਾਂਅ ਰੌਸ਼ਨ ਕਰਨ ਵਾਲੀ ਇਸ ਹੋਣਹਾਰ ਖਿਡਾਰਣ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਅਤੇ ਉਸ ਨੂੰ ਪੀ.ਸੀ.ਐੱਸ ਪੱਧਰ ਦੀ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਕੂਲ/ਕਾਲਜ਼ ਪੱਧਰ ਤੇ’ ਅਜਿਹੇ ਹੋਣਹਾਰ ਬੱਚਿਆਂ,ਨੌਜਵਾਨਾ ਦੀ ਪਹਿਚਾਣ ਕਰਕੇ ਉਨ੍ਹਾ ਵੱਲੋਂ ਮਿੱਥੇ ਗਏ ਟਿੱਚੇ ਦੀ ਪ੍ਰਾਪਤੀ ਲਈ ਅਤੇ ਉਨ੍ਹਾ ਦੇ ਅੱਗੇ ਵੱਧਣ ਵਿੱਚ ਉਨ੍ਹਾ ਦੀ ਹਰ ਸੰਭਵ ਮੱਦਦ ਕੀਤੀ ਜਾਵੇ ਤਾਂ ਜੋ ਕੋਈ ਵੀ ਹੋਣਹਾਰ ਬੱਚਾ ਆਰਥਿਕ ਸਥਿਤੀ ਜਾਂ ਆਪਣੇ ਘਰੇਲੂ ਹਾਲਾਤਾਂ ਕਾਰਨ ਆਪਣਾ ਸੁਪਨਾ ਸਾਕਾਰ ਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਹੋਰਨਾ ਤੋਂ ਇਲਾਵਾ ਖਿਡਾਰਣ ਪ੍ਰੀਤੀ ਅਰੋੜਾ ਦੇ ਪਰਿਵਾਰਕ ਮੈਂਬਰ,ਭਾਜਪਾ ਆਗੂ ਅਤੇ ਸਮੂਹ ਸ਼ਹਿਰ ਨਿਵਾਸੀ ਮੌਜੂਦ ਸਨ।