ਵਿਭਾਗੀ ਮੰਗਾਂ ਦੇ ਹੱਲ ਲਈ ਸਿੱਖਿਆ ਮੰਤਰੀ ਦੇ ਪਿੰਡ ‘ਚ ਕੀਤਾ ‘ਚਿਤਾਵਨੀ ਮਾਰਚ’

Published on: May 4, 2025 5:02 pm

ਪੰਜਾਬ

ਮੰਗਾਂ ਦਾ ਹੱਲ ਨਾ ਹੋਣ ‘ਤੇ ਸੰਘਰਸ਼ ਕੀਤਾ ਜਾਵੇਗਾ ਹੋਰ ਤਿੱਖਾ ਤੇ ਵਿਸ਼ਾਲ: ਅਧਿਆਪਕ ਜਥੇਬੰਦੀਆਂ

ਗੰਭੀਰਪੁਰ/ਸ੍ਰੀ ਅਨੰਦਪੁਰ ਸਾਹਿਬ, 4 ਮਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਬੇਇਨਸਾਫੀ ਅਤੇ ਪੱਖਪਾਤ ਵਾਲੀਆਂ ਨੀਤੀਆਂ ਦਾ ਸ਼ਿਕਾਰ ਹੋਏ ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਵੱਲੋਂ ਮਸਲੇ ਹੱਲ ਕਰਨ ਵਿੱਚ ਨਕਾਮ ਸਾਬਿਤ ਹੋਣ ਦੇ ਵਿਰੋਧ ਵਜੋਂ ਪਿੰਡ ਗੰਭੀਰਪੁਰ ਵਿਖੇ ਸੈਂਕੜੇ ਦੀ ਗਿਣਤੀ ਵਿੱਚ ਪਹੁੰਚ ਕੇ ਚਿਤਾਵਨੀ ਮਾਰਚ ਕੀਤਾ। ਅਧਿਆਪਕਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਦਰਕਿਨਾਰ ਹੋਣ ਦੇ ਮੱਦੇਨਜ਼ਰ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੰਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ, 6635 ਈ ਟੀ ਟੀ ਅਧਿਆਪਕ ਯੂਨੀਅਨ ਅਤੇ 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਸੈਕੜੇ ਅਧਿਆਪਕਾਂ ਨੇ ਰੀਕਾਸਟ ਸੂਚੀਆਂ, ਬਦਲੀ ਪ੍ਰਕਿਰਿਆ, ਤਰੱਕੀਆਂ, ਕੱਚੇ ਮੁਲਾਜ਼ਮਾਂ, ਅਧਿਆਪਕ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ, ਓਡੀਐੱਲ ਅਧਿਆਪਕਾਂ ਨਾਲ ਸੰਬੰਧਿਤ ਮਾਮਲੇ ਅਤੇ ਹੋਰ ਵਿਭਾਗੀ ਮੰਗਾਂ ਹੱਲ ਕਰਵਾਉਣ ਲਈ ਸ੍ਰੀ ਅਨੰਦਪੁਰ ਸਾਹਿਬ-ਨੰਗਲ ਸੜਕ ਤੋਂ ਚੱਲਦਿਆਂ ਬੈਰੀਕੇਟ ਲੰਘਦਿਆਂ ਪਿੰਡ ਗੰਭੀਰਪੁਰ ਵਿਖੇ ਸਿੱਖਿਆ ਮੰਤਰੀ ਦੀ ਰਿਹਾਇਸ਼ ਤੇ ਪਹੁੰਚ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਸਿੱਖਿਆ ਮੰਤਰੀ ਨਾਲ 20 ਮਈ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਮਿਲਣ ਦੇ ਪੱਤਰ ਜਾਰੀ ਹੋਣ ਉਪਰੰਤ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।

ਪਿੰਡ ਗੰਭੀਰਪੁਰ ਦੀਆਂ ਬਰੂਹਾਂ ‘ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6635 ਈ ਟੀ ਟੀ ਅਧਿਆਪਕ ਯੂਨੀਅਨ ਦੇ ਦੀਪਕ ਕੰਬੋਜ, 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੇ ਬਲਕਾਰ ਮਘਾਣੀਆ, 3704 ਅਧਿਆਪਕਾਂ ਤੋਂ ਗੁਰਪਿੰਦਰ ਸਿੰਘ, 899 ਅੰਗਰੇਜ਼ੀ ਅਧਿਆਪਕਾਂ ਦੇ ਨੀਲਮ ਰਾਣੀ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਜੋਨੀ ਸਿੰਗਲਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਯੁਕਤੀ ਸੂਚੀਆਂ ਰਿਕਾਸਟ ਹੋਣ ਕਾਰਨ ਸੂਚੀ ਵਿੱਚੋਂ ਬਾਹਰ ਕੀਤੇ 3704 ਮਾਸਟਰ ਕਾਡਰ, 6635 ਈਟੀਟੀ, 899 ਅੰਗਰੇਜ਼ੀ ਅਧਿਆਪਕਾਂ ਅਤੇ ਹੋਰਨਾਂ ਕਾਡਰਾਂ ਦੇ ਸੈਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ। ਇਸ ਮਾਮਲੇ ਵਿੱਚ 3704 ਕਾਡਰ ਨੂੰ ਜਾਰੀ ਨੋਟਿਸ ਮੁੱਢੋਂ ਰਦ ਕੀਤੇ ਜਾਣ। ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ 6635 ਈਟੀਟੀ, 4161 ਤੇ 2392 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪ੍ਰੋਮੋਟਡ ਅਧਿਆਪਕਾਂ ਅਤੇ ਛੋਟ ਪ੍ਰਾਪਤ ਕੈਟੇਗਰੀਆਂ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ਬਾਕੀ ਅਧਿਆਪਕਾਂ ਲਈ ਵੀ ‘ਆਮ ਬਦਲੀਆਂ-2025 ਦੀ ਪ੍ਰੀਕਿਰਿਆ ਸ਼ੁਰੂ ਕੀਤੀ ਜਾਵੇ। ਅਧਿਆਪਕ ਸਾਥੀ ਨਰਿੰਦਰ ਭੰਡਾਰੀ, ਓਡੀਐੱਲ ਅਧਿਆਪਕਾਂ ਅਤੇ 7654 ਹਿੰਦੀ ਵਿਸ਼ੇ ਦੇ ਅਧਿਆਪਕਾਂ ਵਿੱਚੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕੀਤੇ ਜਾਣ। ਡਾ. ਰਵਿੰਦਰ ਕੰਬੋਜ਼ ਦੇ ਟਰਮੀਨੇਸ਼ਨ ਆਰਡਰ ਰੱਦ ਕਰਨ ਅਤੇ ਓ.ਡੀ.ਐੱਲ. ਅਧਿਆਪਕਾਂ ਨੂੰ ਰੈਗੂਲਰ ਦੀ ਮਿਤੀ ਅਨੁਸਾਰ ਬਕਾਏ ਦੇਣ ਦੇ ਹੱਕ ਵਿੱਚ ਆਏ ਅਦਾਲਤੀ ਫੈਸਲੇ ਲਾਗੂ ਕੀਤੇ ਜਾਣ। ਕੰਪਿਊਟਰ ਅਧਿਆਪਕਾਂ ਨੂੰ ਛੇਵਾਂ ਪੰਜਾਬ ਤਨਖ਼ਾਹ ਕਮਿਸ਼ਨ ਦੇ ਸਾਰੇ ਲਾਭ ਤੇ ਪੈਂਡਿੰਗ ਮਹਿੰਗਾਈ ਭੱਤਾ ਜਾਰੀ ਕਰਨ ਦੇ ਨਾਲ ਹੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਮਰਜ਼ਿੰਗ ਕੀਤੀ ਜਾਵੇ। 17 ਜੁਲਾਈ 2020 ਤੋਂ ਬਾਅਦ ਲਾਗੂ ਭਰਤੀਆਂ ‘ਤੇ ਲਾਗੂ ਨਵੇਂ ਸਕੇਲ ਰੱਦ ਕਰਕੇ ਪੰਜਾਬ ਤਨਖ਼ਾਹ ਸਕੇਲ ਲਾਗੂ ਕਰਨ ਦੇ ਪੱਖ ਵਿੱਚ ਆਏ ਅਦਾਲਤੀ ਫੈਸਲੇ ਨੂੰ ਲਾਗੂ ਕੀਤਾ ਜਾਵੇ ਅਤੇ ਪੇਂਡੂ ਭੱਤਾ ਤੇ ਬਾਰਡਰ ਏਰੀਆ ਭੱਤੇ ਸਮੇਤ ਰੋਕੇ ਗਏ ਸਾਰੇ ਭੱਤੇ ਅਤੇ ਏ.ਸੀ.ਪੀ. (4-9-14 ਸਾਲਾਂ ਲਾਭ) ਬਹਾਲ ਕੀਤੇ ਜਾਣ। ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖ਼ਾਹ ਰਿਵਿਜ਼ਨ ਕਰਕੇ ਕਟੌਤੀ ਕਰਨ ਦੇ ਗੈਰ ਵਾਜਿਬ ਅਤੇ ਮਾਰੂ ਫੈਸਲੇ ਨੂੰ ਮੁੱਢੋਂ ਰੱਦ ਕੀਤਾ ਜਾਵੇ।

ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੇ ਸਾਰੇ ਕਾਡਰਾਂ (ਸਮੇਤ ਈਟੀਟੀ, ਐੱਚ.ਟੀ., ਸੀਐੱਚਟੀ, ਬੀਪੀਈਓ, ਨਾਨ ਟੀਚਿੰਗ, ਪੀਟੀਆਈ, ਆਰਟ ਕਰਾਫਟ, ਮਾਸਟਰ, ਡੀਪੀਈ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲ ਆਦਿ) ਦੀਆਂ ਰਹਿੰਦਿਆਂ ਸਾਰੀਆਂ ਤਰੱਕੀਆਂ ਬਿਨਾਂ ਕਿਸੇ ਪੱਖਪਾਤ ਸਾਰੇ ਖਾਲੀ ਸਟੇਸ਼ਨਾਂ ਲਈ ਮੁਕੰਮਲ ਕੀਤੀਆਂ ਜਾਣ। 180 ਈ.ਟੀ.ਟੀ. (4500 ਈ.ਟੀ.ਟੀ.) ਅਧਿਆਪਕਾਂ ਦੀ ਚਾਰ ਸਾਲ ਦੀ ਮੁੱਢਲੀ ਸਰਵਿਸ ਨੂੰ ਬਹਾਲ ਕਰਕੇ ਪੁਰਾਣੇ ਤਨਖਾਹ ਸਕੇਲ ਮੁੜ ਲਾਗੂ ਕੀਤੇ ਜਾਣ। ਮੈਰੀਟੋਰੀਅਸ ਅਧਿਆਪਕਾਂ, ਐਸੋਸੀਏਟ ਅਧਿਆਪਕਾਂ, ਸਮੂਹ ਕੱਚੇ ਅਧਿਆਪਕਾਂ ਅਤੇ ਸਮੱਗਰਾ ਅਧੀਨ ਨਾਨ ਟੀਚਿੰਗ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ। 5994 ਈਟੀਟੀ (ਬੈਕਲਾਗ) ਅਤੇ 2364 ਭਰਤੀ ਮੁਕੰਮਲ ਕੀਤੀ ਜਾਵੇ। 4161 ਅਤੇ 3582 ਨੂੰ ਟ੍ਰੇਨਿੰਗ ਲੱਗਣ ਦੀਆਂ ਮਿਤੀਆਂ ਤੋਂ ਸਾਰੇ ਆਰਥਿਕ ਤੇ ਬਾਕੀ ਪੈਂਡਿੰਗ ਲਾਭ ਹਕੀਕੀ ਰੂਪ ਵਿੱਚ ਲਾਗੂ ਕੀਤੇ ਜਾਣ। ਪੁਰਸ਼ ਅਧਿਆਪਕਾਂ ਨੂੰ 10 ਅਤੇ 20 ਸਾਲ ਦੀ ਸਰਵਿਸ ਉਪਰੰਤ ਅਚਨਚੇਤ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਅਧਾਰਿਤ ਨੌਕਰੀ ਦੇ ਸਮੇਂ ਨੂੰ ਗਿਣਨਯੋਗ ਮੰਨਿਆ ਜਾਵੇ।

ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਪਵਨ ਕੁਮਾਰ ਮੁਕਤਸਰ, ਅਮੋਲਕ ਡੇਲੂਆਣਾ, ਗਿਆਨ ਚੰਦ, ਮੁਕੇਸ਼ ਕੁਮਾਰ, 2392 ਮਾਸਟਰ ਕਾਡਰ ਯੂਨੀਅਨ ਦੇ ਗੁਰਬਖਸ਼ੀਸ਼ ਸਿੰਘ, 6635 ਈ ਟੀ ਟੀ ਅਧਿਆਪਕ ਯੂਨੀਅਨ ਤੋਂ ਸ਼ਲਿੰਦਰ ਕੰਬੋਜ, ਗੁਰਪ੍ਰੀਤ ਸਿੰਘ, 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੇ ਜਸਵਿੰਦਰ ਐਤੀਆਣਾ, ਬਲਕਾਰ ਬੁਡਲਾਢਾ, ਇਕਬਾਲ ਸਿੰਘ, 3704 ਮਾਸਟਰ ਕਾਡਰ ਤੋਂ ਧਰਮਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਡੀ ਟੀ ਐੱਫ ਦੇ ਕੁਲਵਿੰਦਰ ਜੋਸ਼ਨ, ਜੋਸੀਲ ਤਿਵਾੜੀ, ਗੁਰਬਿੰਦਰ ਖਹਿਰਾ, ਸੁਖਦੇਵ ਡਾਨਸੀਵਾਲ, ਸਤਨਾਮ ਸਿੰਘ, ਗੁਰਮੁਖ ਲੋਕ ਪ੍ਰੇਮੀ, ਹਰਵਿੰਦਰ ਰੱਖੜਾ, ਜਸਵੀਰ ਭੰਮਾ,ਗੁਰਪ੍ਰੀਤ ਸਿੰਘ, ਦਾਨਿਸ਼ ਭੱਟੀ,ਬਿਕਰਮ ਰਾਣਾ,ਗਿਆਨ ਚੰਦ,ਰਮੇਸ਼ ਲਾਲ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਐਲਾਨ ਕੀਤਾ 20 ਮਈ ਦੀ ਮੀਟਿੰਗ ਵਿੱਚ ਮੰਗਾਂ ਮਸਲਿਆਂ ਦਾ ਹੱਲ ਨਾ ਹੋਣ ‘ਤੇ ਅਧਿਆਪਕ ਜੱਥੇਬੰਦੀਆਂ ਵੱਲੋਂ ਲੁਧਿਆਣਾ ਵਿਖੇ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।