ਚੰਡੀਗੜ੍ਹ, 4 ਮਈ, ਦੇਸ਼ ਕਲਿੱਕ ਬਿਓਰੋ :
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਫੌਜ ਛਾਉਣੀ ਅਤੇ ਹਵਾਈ ਸੈਨਾ ਦੇ ਅੱਡੇ ਦੀ ਸੰਵੇਦਨਸ਼ੀਲ ਜਾਣਕਾਰੀ ਵਿਦੇਸ਼ ਭੇਜਣ ਦੇ ਦੋਸ਼ ਵਿੱਚ ਦੋ ਜਾਸੂਸਾਂ ਨੂੰ ਗ੍ਰਿਫ਼ਤਾਰ ਕਰਨ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉਤੇ ਲਿਖਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੰਮ੍ਰਿਤਸਰ ਵਿੱਚ ਪਾਕਿਸਤਾਨ ਦੀ ਜਾਸੂਸੀ ਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਦੋ ਗੱਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਿਰਫ਼ ਗ੍ਰਿਫ਼ਤਾਰੀ ਨਹੀਂ, ਦੇਸ਼ ਭਗਤੀ ਦਾ ਸੰਕਲਪ ਹੈ, ਜਿਸ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ। ਬਾਰਡਰ ਸੂਬਾ ਹੋਣ ਦੇ ਨਾਤੇ ਅਸੀਂ ਦੇਸ਼ ਪ੍ਰਤੀ ਆਪਣਾ ਫ਼ਰਜ਼ ਨਿਭਾ ਰਹੇ ਹਾਂ ਅਤੇ ਦੇਸ਼ ਦੇ ਦੁਸ਼ਮਣਾਂ ਦੀਆਂ ਨਾਪਾਕ ਸਾਜ਼ਿਸ਼ਾਂ ਦਾ ਅੱਗੇ ਵੀ ਡੱਟ ਕੇ ਮੁਕਾਬਲਾ ਕਰਦੇ ਰਹਾਂਗੇ।‘
ਜ਼ਿਕਰਯੋਗ ਹੈ ਕਿ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਫੌਜ ਛਾਉਣੀ ਅਤੇ ਹਵਾਈ ਸੈਨਾ ਦੇ ਅੱਡੇ ਦੀ ਸੰਵੇਦਨਸ਼ੀਲ ਜਾਣਕਾਰੀ ਵਿਦੇਸ਼ ਭੇਜਣ ਦੇ ਦੋਸ਼ ਵਿੱਚ ਦੋ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਵੱਡੀ ਜਾਸੂਸੀ ਵਿਰੋਧੀ ਕਾਰਵਾਈ ਦੌਰਾਨ ਦੋ ਵਿਅਕਤੀਆਂ, ਪਲਕ ਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਅਤੇ ਤਸਵੀਰਾਂ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਜੁੜੇ ਕਾਰਕੁਨਾਂ ਨਾਲ ਸਬੰਧ ਹਨ। ਉਨ੍ਹਾਂ ਨੇ ਹਰਪ੍ਰੀਤ ਸਿੰਘ ਉਰਫ਼ ਪਿੱਟੂ ਉਰਫ਼ ਹੈਪੀ ਰਾਹੀਂ ਪਾਕਿਸਤਾਨ ਵਿੱਚ ਸੰਪਰਕ ਸਥਾਪਿਤ ਕੀਤਾ, ਜੋ ਇਸ ਸਮੇਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਹੈ।