ਚੰਡੀਗੜ੍ਹ /ਮੰਡੀ ਗੋਬਿੰਦਗੜ੍ਹ, 6 ਮਈ -ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ ‘ਤੇ ਜਾਰੀ ਹੈ।
ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਨੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀ ਨਿਗਰਾਨੀ ਹੇਠ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਵਿਖੇ ਦੋ ਮਹਿਲਾ ਨਸ਼ਾ ਤਸਕਰਾਂ ਦੁਆਰਾ ਕੀਤੀ ਗਈ ਨਜਾਇਜ਼ ਉਸਾਰੀ ਨੂੰ ਢਾਹੁੰਦੇ ਹੋਏ ਨਸਿ਼ਆਂ ਦੇ ਮਾੜੇ ਕਾਰੋਬਾਰ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਇਹ ਸਖ਼ਤ ਤੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਇਸ ਸਮਾਜਿਕ ਕੁਰੀਤੀ ਦਾ ਮੁਕੰਮਲ ਸਫਾਇਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਤੇ ਪ੍ਰਸ਼ਾਸ਼ਨ ਦੀ ਕਾਰਵਾਈ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਮਿੱਥੇ ਟੀਚੇ ਨੂੰ ਸਾਕਾਰ ਕੀਤਾ ਜਾ ਰਿਹਾ ਹੈ ਅਤੇ ਨਸ਼ਿਆਂ ਵਿਰੁੱਧ ਚਲਾਈ ਇਹ ਮੁਹਿੰਮ ਜ਼ਮੀਨੀ ਪੱਧਰ ਉੱਤੇ ਲਾਗੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਹਲਕਾ ਅਮਲੋਹ ਅੰਦਰ ਦੋ ਵਾਰ ਨਸ਼ਾ ਤਸਕਰਾਂ ਦੀਆਂ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਢਹਿ ਢੇਰੀ ਕੀਤਾ ਗਿਆ ਹੈ।
ਮੌਕੇ ਉੱਤੇ ਮੌਜੂਦ ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਐਸ ਪੀ ਰਾਕੇਸ਼ ਕੁਮਾਰ ਯਾਦਵ ਅਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਸ਼ਿਆਂ ਦੇ ਕੋਹੜ ਦਾ ਮੁਕੰਮਲ ਖਾਤਮਾ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਨੂੰ ਜਿਲ੍ਹੇ ਵਿੱਚ ਸਫਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਲੋਨੀ ਵਿੱਚ ਮਹਿਲਾ ਨਸ਼ਾ ਤਸਕਰ ਸਾਨੀਆ ਅਤੇ ਉਸਦੀ ਸੱਸ ਸੁਰਿੰਦਰ ਕੌਰ, ਜਿਨ੍ਹਾਂ ਖ਼ਿਲਾਫ ਐਨਡੀਪੀਐਸ ਤਹਿਤ ਕੇਸ ਦਰਜ ਹਨ, ਵੱਲੋਂ ਸਰਕਾਰੀ ਜ਼ਮੀਨ ਉਤੇ ਕੀਤੇ ਨਜਾਇਜ਼ ਕਬਜ਼ੇ ਨੂੰ ਤੋੜਨ ਦੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖੀ ਗਈ । ਇਸ ਮੌਕੇ ਬੁਲਡੋਜ਼ਰਾਂ ਰਾਹੀਂ ਨਜ਼ਾਇਜ਼ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਉਹਨਾਂ ਕਿਹਾ ਕਿ ਸਬੰਧਤ ਮਹਿਲਾਵਾਂ ਖ਼ਿਲਾਫ਼ ਨਸ਼ਾ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਦਰਜ ਹਨ ਅਤੇ ਉਹ ਨਾਭਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੁਣ ਤੱਕ 150 ਤੋਂ ਵੱਧ ਪੁਲਿਸ ਕੇਸ ਦਰਜ ਕਰਕੇ 250 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ, ਪ੍ਰਸ਼ਾਸਨ, ਆਮ ਲੋਕਾਂ ਅਤੇ ਮੀਡੀਆ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਇਸ ਜੰਗ ਦੇ ਹੁਣ ਤੱਕ ਕਾਫੀ ਵੱਡੇ ਪੱਧਰ ‘ਤੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਹਨਾਂ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕੋਲ ਕਿਸੇ ਨਸ਼ਾ ਤਸਕਰ ਬਾਰੇ ਪੁਖਤਾ ਜਾਣਕਾਰੀ ਹੈ ਤਾਂ ਉਹ ਇਸ ਸਬੰਧੀ ਸਟੇਟ ਹੈਲਪਲਾਈਨ ਨੰਬਰ ਜਾਂ ਜ਼ਿਲ੍ਹਾ ਪੁਲਿਸ ਦੀ ਹੈਲਪਲਾਈਨ ਨੰਬਰ ਉੱਤੇ ਇਸ ਬਾਰੇ ਸੂਚਨਾ ਦੇ ਸਕਦਾ ਹੈ ਜਿਸਨੂੰ ਪੂਰੀ ਤਰਹਾਂ ਗੁਪਤ ਰੱਖਿਆ ਜਾਂਦਾ ਹੈ।
ਸ਼ੁਭਮ ਅਗਰਵਾਲ ਨੇ ਇਹ ਵੀ ਕਿਹਾ ਕਿ ਇਸ ਮੁਹਿੰਮ ਤਹਿਤ ਹੁਣ ਤੱਕ 50 ਤੋਂ ਵਧੇਰੇ ਅਜਿਹੇ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾ ਕੇ ਉਚਿਤ ਇਲਾਜ ਕਰਵਾਇਆ ਜਾ ਰਿਹਾ ਹੈ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਸਨ। ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।