ਸ਼ਾਮ 7:30 ਤੋਂ 7:40 ਵਜੇ ਤੱਕ ਬਲੈਕਆਊਟ ਵੀ ਰੱਖਿਆ ਜਾਵੇਗਾ
ਮੋਹਾਲੀ, 6 ਮਈ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਮੈਜਿਸਟਰੇਟ, ਸ਼੍ਰੀਮਤੀ ਕੋਮਲ ਮਿੱਤਲ ਨੇ ਅੱਜ ਸ਼ਾਮ ਨੂੰ ਦੱਸਿਆ ਕਿ ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਅਤੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ, ਪੰਜਾਬ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੱਲ੍ਹ (ਬੁੱਧਵਾਰ) ਦੁਪਹਿਰ ਦੋ ਥਾਵਾਂ ‘ਤੇ ਮੌਕ ਡ੍ਰਿਲ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਹਮਲੇ ਦੀ ਚੇਤਾਵਨੀ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ, ਦੋ ਵਿਦਿਅਕ/ਉਦਯੋਗਿਕ ਇਕਾਈਆਂ ਇਸ ਡ੍ਰਿਲ ਵਿੱਚੋਂ ਲੰਘਣਗੀਆਂ ਜਿੱਥੇ ਸਾਇਰਨ ਦੀ ਸਿਮੂਲੇਸ਼ਨ ਤੋਂ ਬਾਅਦ, ਨਾਗਰਿਕਾਂ ਨੂੰ ਬਚਾਉਣ ਲਈ ਨਿਕਾਸੀ ਅਭਿਆਸ ਕੀਤਾ ਜਾਵੇਗਾ।
ਇਸੇ ਤਰ੍ਹਾਂ, ਦੇਰ ਸ਼ਾਮ, ਸ਼ਾਮ 7:30 ਤੋਂ 7:40 ਵਜੇ ਤੱਕ, ਜ਼ਿਲ੍ਹੇ ਵਿੱਚ ਮਹੱਤਵਪੂਰਨ ਪਲਾਂਟਾਂ/ਸਥਾਪਨਾਵਾਂ ਦੇ ਸ਼ੁਰੂਆਤੀ ਬਚਾਅ ਲਈ ਬਲੈਕਆਊਟ ਅਭਿਆਸ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀਆਂ ਥਾਵਾਂ ਬਾਰੇ ਕੱਲ੍ਹ ਸਵੇਰੇ ਖੁਲਾਸਾ ਕਰੇਗਾ ਜਿੱਥੇ ਇਹ ਮੌਕ ਡ੍ਰਿਲਸ ਕੀਤੇ ਜਾਣਗੇ ਅਤੇ ਅਜਿਹੇ ਅਭਿਆਸ ਕਰਨ ਤੋਂ ਪਹਿਲਾਂ ਉਸ ਖੇਤਰ ਦੇ ਆਮ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅਭਿਆਸ ਦਾ ਉਦੇਸ਼ ਬਚਾਅ ਯੋਜਨਾਵਾਂ ਦੀ ਤਿਆਰੀ ਅਤੇ ਉਨ੍ਹਾਂ ਦੇ ਅਮਲ ਦਾ ਮੁਲਾਂਕਣ ਕਰਨਾ ਹੈ, ਇਸ ਲਈ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਇਸ ਅਭਿਆਸ ਦੇ ਸੁਚਾਰੂ ਸੰਚਾਲਨ ਲਈ ਸਮਰਥਨ ਦੇਣਾ ਚਾਹੀਦਾ ਹੈ।