ਫਿਰੋਜ਼ਪੁਰ, 7 ਮਈ, ਦੇਸ਼ ਕਲਿੱਕ ਬਿਓਰੋ :
ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਉਤੇ ਕੀਤੇ ਗਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਸਰਹੱਦ ਨਾਲ ਲੱਗਦੇ ਪਿੰਡਾ ਦੇ ਲੋਕਾਂ ਵਿੱਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਆਪਰੇਸ਼ਨ ਤੋਂ ਬਾਅਦ ਲੋਕਾਂ ਵਿੱਚ ਲੜਾਈ ਦਾ ਡਰ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਪਿੰਡ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਨੂੰ ਖਾਲੀ ਕਰਨ ਸਬੰਧੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ, ਪਰ ਲੋਕ ਆਪਣੇ ਆਪ ਘਰਾਂ ਤੋਂ ਦੂਰ ਜਾ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਹੁਸੈਨੀਵਾਲਾ ਬਾਰਡਰ ਉਤੇ ਵਸੇ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਆਪਣਾ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਪਿੰਡ ਟੇਂਡੀਵਾਲਾ ਦੇ ਲੋਕ ਟਰੈਕਟਰ ਉਤੇ ਸਮਾਨ ਲੱਦ ਕੇ ਆਪਣੇ ਰਿਸ਼ਤੇਦਾਰਾਂ ਕੋਲ ਦੂਰ ਦੁਰਾਡੇ ਜਾ ਰਹੇ ਸਨ। ਪਿੰਡ ਝੁੱਗਾ ਯਾਰਾ ਸਿੰਘ ਵਾਲਾ ਦੇ ਰਹਿਣ ਵਾਲੇ ਜੱਜ ਸਿੰਘ ਨੇ ਕਿਹਾ ਕਿ ਸਾਨੂੰ ਘਰ ਛੱਡਣ ਲਈ ਪ੍ਰਸ਼ਾਸਨ ਵੱਲੋਂ ਨਹੀਂ ਕਿਹਾ ਗਿਆ, ਪਰ ਅਸੀਂ ਆਪਣੇ ਆਪ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ 1971 ਦੀ ਲੜਾਈ ਸਮੇਂ ਸਤਲੁਜ ਦਰਿਆ ਉਤੇ ਬਣੇ ਪੁੱਲ ਨੂੰ ਉਡਾ ਦਿੱਤਾ ਗਿਆ ਸੀ। ਲੋਕਾਂ ਵਿਚ ਹੁਣ ਵੀ ਡਰ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਉਤੇ ਬਣਿਆ ਪੁਲ ਹੀ ਲੋਕਾਂ ਨੂੰ ਪੰਜਾਬ ਨਾਲ ਜੋੜਦਾ ਹੈ।