ਸੇਵਾਦਾਰਾਂ ਵੱਲੋਂ ਕਬਜ਼ਾ ਵਾਪਸ ਲੈਣ ਲਈ ਸਰਕਾਰ ਅੱਗੇ ਮੱਦਦ ਦੀ ਗੁਹਾਰ
ਮੋਹਾਲੀ, 7 ਮਈ : ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ, ਜੋ ਕਿ ਪਿਛਲੇ ਤਿੰਨ ਸਾਲ ਤੋਂ ਜਾਰੀ ਹੈ ਪਰੰਤੂ ਅਜੇ ਵੀ ਅਸਰ-ਰਸੂਖ ਵਾਲੇ ਲੋਕ, ਸਰਕਾਰੀ ਦਾਅਵਿਆਂ ਦੀ ਫੂਕ ਕੱਢਦੇ ਨਜ਼ਰ ਆ ਰਹੇ ਹਨ। ਜਿਸ ਦਾ ਸਭ ਤੋਂ ਵੱਡਾ ਉਦਾਹਰਣ ਜ਼ਿਲ੍ਹਾ ਮਾਲੇਰਕੋਟਲਾ ਦੇ ਤਹਿਸੀਲ ਅਮਰਗੜ੍ਹ ਦੇ ਪਿੰਡ ਰਾਏਪੁਰ ਵਿਖੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਹੈ। ਇਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਥਿਤ ਤੌਰ ਉਤੇ ਇਕ ਵਪਾਰੀ ਨੂੰ ਖੁਸ਼ ਕਰਨ ਲਈ ਗੁਰਦੁਆਰਾ ਸਾਹਿਬ ਦੀ ਹਦੂਦ ਨੇੜੇ ਸ਼ੈਲਰ ਲਗਾ ਦਿੱਤਾ ਗਿਆ ਹੈ। ਸ਼ੈਲਰ ਤੋਂ ਉਡਣ ਵਾਲਾ ਮਿੱਟੀ-ਘੱਟਾ ਨਾ ਸਿਰਫ਼ ਗੁਰਦੁਆਰਾ ਸਾਹਿਬ ਦੇ ਬਾਹਰ ਬਲਕਿ ਇਮਾਰਤ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਸੇਵਾਦਾਰਾਂ ਵੱਲੋਂ ਸਾਰਾ ਦਿਨ ਸਾਫ-ਸਫਾਈ ਕਰਦਿਆਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਬਹਾਲ ਰੱਖਣ ਵਿਚ ਹੀ ਸਾਰਾ ਦਿਨ ਬੀਤ ਜਾਂਦਾ ਹੈ।
ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਗੁਰਦੁਆਰਾ ਅਕਾਲ ਬੁੰਗਾ ਸਾਹਿਬ, ਪਿੰਡ ਰਾਏਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰੀ ਸਿੰਘ ਜੀ (ਉਮਰ 68 ਸਾਲ) ਅਤੇ ਲੰਗਰ ਇੰਚਾਰਜ ਬਾਬਾ ਪੰਜਾਬ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਕਰੀਬ 1964 ਤੋਂ ਸਥਾਪਤ ਹੋਏ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ, 40 ਸਾਲ ਪਹਿਲਾਂ ਉਹਨਾਂ ਨੂੰ ਮੁੱਖ ਸੇਵਾਦਾਰ ਥਾਪਿਆ ਸੀ। ਉਹਨਾਂ ਵੱਲੋਂ ਹੀ ਸਮੇਂ-ਸਮੇਂ ਉਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਖ਼ੂਬਸੂਰਤ ਇਮਾਰਤ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਇਥੇ ਸਮੂਹ ਸੰਗਤਾਂ ਵੱਲੋਂ ਸੰਗਰਾਂਦ, ਪੰਚਮੀ ਅਤੇ ਗੁਰਪੁਰਬ ਦੇ ਪਵਿੱਤਰ ਦਿਹਾੜੇ ਸ਼ਰਧਾ ਨਾਲ ਮਨਾਏ ਜਾਂਦੇ ਹਨ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ 2023 ਵਿਚ, ਗ਼ੈਰਕਾਨੂੰਨੀ ਢੰਗ ਨਾਲ ਇਕ ਸ਼ੈਲਰ, ਖੇਤਾਂ ਵਿਚ ਬਣੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਬਿਲਕੁਲ ਸਾਹਮਣੇ ਰੋਡ ਉਤੇ ਲਗਾਇਆ ਗਿਆ ਹੈ, ਜਿਸ ਕਾਰਨ ਸ਼ੈਲਰ ਦਾ ਸਾਰਾ ਫੂਸ ਅਤੇ ਮਿੱਟੀ-ਘੱਟਾ ਅੰਦਰ ਆ ਕੇ, ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਢਾਹ ਲਾ ਰਿਹਾ ਹੈ, ਕਿਉਂਕਿ ਗੁਰਦੁਆਰਾ ਸਾਹਿਬ ਵਿਖੇ ਕੋਈ ਚਾਰਦੀਵਾਰੀ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਾਨੂੰਨ ਮੁਤਾਬਕ ਕਿਸੇ ਵੀ ਧਾਰਮਿਕ ਸਥਾਨ ਦੇ ਨੇੜੇ, 500 ਮੀਟਰ ਦੇ ਘੇਰੇ ਵਿਚ ਕੋਈ ਵੀ ਸ਼ੈਲਰ/ਫੈਕਟਰੀ ਲਗਾਉਣਾ ਜਾਇਜ਼ ਨਹੀਂ। ਉਹਨਾਂ ਦੱਸਿਆ ਕਿ ਆਰ.ਟੀ.ਆਈ. ਰਾਹੀਂ ਇਸ ਸਬੰਧੀ ਮਿਲੀ ਜਾਣਕਾਰੀ ਵਿਚ ਵੀ 500 ਮੀਟਰ ਦੀ ਦੂਰੀ ਦੇ ਅੰਦਰ ਕੋਈ ਸ਼ੈਲਰ/ਫੈਕਟਰੀ ਲਗਾਉਣ ਦੀ ਮਨਾਹੀ ਹੈ। ਸੰਤ ਬਾਬਾ ਹਰੀ ਸਿੰਘ ਜੀ ਨੇ ਦੱਸਿਆ ਕਿ ਸੰਗਤਾਂ ਦੇ ਵਿਰੋਧ ਬਾਵਜੂਦ ਵੀ, ਸਬੰਧਤ ਮਹਿਕਮੇ ਅਤੇ ਉਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਸਬੰਧੀ ਫਾਇਲ ਨੂੰ ਦਬਾਉਣਾ ਹੀ ਜ਼ਰੂਰੀ ਸਮਝਿਆ ਅਤੇ ਧਨਾਢ ਵਿਅਕਤੀਆਂ ਨੂੰ ਨਜਾਇਜ਼ ਢੰਗ ਨਾਲ ਸ਼ੈਲਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ।
ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨਾਮ ਉਤੇ ਕਰੀਬ 12 ਵਿੱਘੇ 10 ਵਿਸਵੇ ਜ਼ਮੀਨ ਬੋਲਦੀ ਹੈ ਅਤੇ ਗੁਰਦੁਆਰਾ ਸਾਹਿਬ ਕਰੀਬ ਅੱਧੇ ਵਿੱਘੇ ਜ਼ਮੀਨ ਉਤੇ ਸੁਸ਼ੋਭਿਤ ਹੈ। ਜਦਕਿ 12 ਵਿੱਘੇ ਜ਼ਮੀਨ ਨੂੰ ਪਿੰਡ ਦੀ ਪੰਚਾਇਤ ਤਕਰੀਬਨ 40 ਸਾਲਾਂ ਤੋਂ ਸਬੰਧਤ ਬੀਡੀਪੀਓ ਅਤੇ ਪੰਚਾਇਤ ਸੈਕਟਰੀ ਦੀ ਸਹਿਮਤੀ ਨਾਲ ਠੇਕੇ ਉਤੇ ਦਿੰਦੀ ਹੈ ਅਤੇ ਠੇਕੇ ਦੀ ਬਣਦੀ ਰਕਮ ਦੀ ਵਸੂਲੀ ਵੀ ਆਪ ਹੀ ਕਰਦੇ ਹਨ, ਜਦਕਿ ਗੁਰਦੁਆਰਾ ਸਾਹਿਬ ਨੂੰ ਇਸ ਸਮੇਂ ਦੌਰਾਨ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ।
ਸੰਤ ਬਾਬਾ ਹਰੀ ਸਿੰਘ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ, ਮਾਲ ਵਿਭਾਗ ਤੋਂ ਮੰਗ ਕੀਤੀ ਹੈ ਉਹਨਾਂ ਨੂੰ ਤੁਰੰਤ ਇਨਸਾਫ ਦਿੰਦਿਆਂ ਗ਼ੈਰਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਸ਼ੈਲਰ ਨੂੰ ਬੰਦ ਕਰਵਾਇਆ ਜਾਵੇ ਅਤੇ ਨਾਲ ਹੀ ਸ਼ੈਲਰ ਸਥਾਪਤ ਕਰਨ ਦੀ ਇਜਾਜ਼ਤ ਦੇਣ ਵਾਲੇ ਸਬੰਧਤ ਉਚ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਨਾਲ ਹੀ ਪੰਚਾਇਤ ਮੰਤਰੀ ਨੂੰ ਵੀ ਗੁਜ਼ਾਰਿਸ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਪੰਚਾਇਤ ਵਲੋਂ ਦੱਬੀ ਹੋਈ 12 ਵਿੱਘੇ ਜ਼ਮੀਨ ਨੂੰ ਵੀ ਛੁਡਵਾ ਕੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ ਅਤੇ ਬੀਤੇ 40 ਸਾਲਾਂ ਦਾ ਬਣਦਾ ਮੁਆਵਜ਼ਾ ਵੀ ਤੁਰੰਤ ਦਿੱਤਾ ਜਾਵੇ।
ਕੀ ਕਹਿਣਾ ਹੈ ਐਸਡੀਐਮ ਸੁਰਿੰਦਰ ਕੌਰ ਦਾ:
ਜਦੋਂ ਇਸ ਮਾਮਲੇ ਸਬੰਧੀ ਸਬ ਡਵੀਜ਼ਨ ਅਮਰਗੜ੍ਹ ਦੇ ਐਸਡੀਐਮ ਸੁਰਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਸ਼ਿਕਾਇਤ ਉਹਨਾਂ ਕਰੀਬ ਇਕ ਸਾਲ ਪਹਿਲਾਂ ਆਈ ਸੀ ਅਤੇ ਉਹਨਾਂ ਵੱਲੋਂ ਕਾਰਵਾਈ ਕਰਦਿਆਂ ਮੌਕੇ ਦੇ ਪਟਵਾਰੀ ਨੂੰ ਨਾਲ ਲਿਜਾ ਕੇ ਜ਼ਮੀਨ ਦੀ ਪੈਮਾਇਸ਼ ਕੀਤੀ ਗਈ ਸੀ ਅਤੇ ਇਹ ਪਾਇਆ ਗਿਆ ਕਿ ਸ਼ੈਲਰ 500 ਮੀਟਰ ਦੀ ਹਦੂਦ ਅੰਦਰ ਲੱਗਿਆ ਹੋਇਆ ਹੈ। ਉਹਨਾਂ ਵੱਲੋਂ ਇਸ ਬਾਬਤ ਰਿਪੋਰਟ ਬਣਾ ਕੇ ਡੀਸੀ ਮਾਲੇਰਕੋਟਲਾ ਨੂੰ ਭੇਜ ਦਿੱਤੀ ਗਈ ਸੀ।