ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਤੋਂ ਸਾਵਧਾਨ ਰਹਿੰਦਿਆਂ ਅਪੀਲ ਕੀਤੀ ਹੈ ਕਿ ਸਰਕਾਰੀ ਤੌਰ ਤੇ ਪ੍ਰਾਪਤ ਸੂਚਨਾਵਾਂ ਤੇ ਹੀ ਗੌਰ ਕੀਤਾ ਜਾਵੇ । ਲੋਕਾਂ ਨੂੰ ਕਿਸੇ ਵੀ ਸੰਕਟ ਨਾਲ ਨਿਪਟਣ ਲਈ ਕੁਝ ਮੁਢਲੇ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ।
ਸ੍ਰੀ ਮੁਕਤਸਰ ਸਾਹਿਬ 6 ਮਈ
ਪੰਜਾਬ ਹੋਮਗਾਰਡਸ ਫਰੀਦਕੋਟ ਦੇ ਡਿਪਟੀ ਕਮਾਂਡੇਂਟ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਤੋਂ ਸਾਵਧਾਨ ਰਹਿੰਦਿਆਂ ਅਪੀਲ ਕੀਤੀ ਹੈ ਕਿ ਸਰਕਾਰੀ ਤੌਰ ਤੇ ਪ੍ਰਾਪਤ ਸੂਚਨਾਵਾਂ ਤੇ ਹੀ ਗੌਰ ਕੀਤਾ ਜਾਵੇ । ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਕਿਸੇ ਵੀ ਸੰਕਟ ਨਾਲ ਨਿਪਟਣ ਲਈ ਕੁਝ ਮੁਢਲੇ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਜਦੋਂ ਵੀ ਖਤਰੇ ਦਾ ਸਾਇਰਨ ਬੋਲੇ ਤਾਂ ਕਿਸੇ ਵੀ ਕਿਸਮ ਦੀ ਲਾਈਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹੇ ਖਤਰੇ ਸਮੇਂ ਘਰ ਦੇ ਅੰਦਰ ਚਲੇ ਜਾਣਾ ਚਾਹੀਦਾ ਹੈ ਅਤੇ ਖਿੜਕੀਆਂ ਤੋਂ ਦੂਰ ਘਰਦੇ ਅੰਦਰ ਰਹਿਣਾ ਚਾਹੀਦਾ ਹੈ। ਘਰ ਦੇ ਸ਼ੀਸ਼ਿਆਂ ਤੇ ਕਾਲਾ ਕੱਪੜਾ ਜਾਂ ਅਜਿਹੀ ਚੀਜ਼ ਲਗਾ ਦੇਣੀ ਚਾਹੀਦੀ ਹੈ ਜਿਸ ਤੇ ਨਾਲ ਘਰੋਂ ਰੌਸ਼ਨੀ ਬਾਹਰ ਨਾ ਜਾਵੇ। ਜੇਕਰ ਕਿਸੇ ਅਪਾਤ ਸਥਿਤੀ ਵਿੱਚ ਬਲੈਕ ਆਊਟ ਦਾ ਅਲਰਟ ਆਵੇ ਤਾਂ ਹਰ ਪ੍ਰਕਾਰ ਦੀਆਂ ਬਤੀਆਂ ਬੁਝਾ ਦੇਣੀਆਂ ਚਾਹੀਦੀਆਂ ਹਨ।
ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹੇ ਕਿਸੇ ਖਤਰੇ ਸਮੇਂ ਖੁੱਲੇ ਮੈਦਾਨ ਵਿੱਚ ਹੋ ਤਾਂ ਧਰਤੀ ਤੇ ਲੇਟ ਜਾਵੋ ਅਤੇ ਕੂਹਣੀਆਂ ਧਰਤੀ ਤੇ ਲਾ ਕੇ ਛਾਤੀ ਨੂੰ ਉੱਪਰ ਚੁਕ ਲਵੋ, ਕੰਨਾਂ ਵਿੱਚ ਉਂਗਲੀਆਂ ਲੈ ਦੰਦਾਂ ਵਿੱਚ ਰੁਮਾਲ ਜਾਂ ਪੈਨਸ਼ਲ਼ ਲੈ ਲਵੋ ਅਤੇ ਮੂੰਹ ਹੇਠਾਂ ਵੱਲ ਕਰ ਲਵੋ। ਜੇਕਰ ਤੁਸੀਂ ਇਮਾਰਤ ਵਿੱਚ ਹੋ ਤਾਂ ਬਿਜਲੀ ਦੀ ਮੇਨ ਸਪਲਾਈ ਬੰਦ ਕਰ ਦਿਓ, ਜੇ ਨੁੱਕਰ ਨਾ ਮਿਲੇ ਤਾਂ ਦੀਵਾਰ ਦੇ ਅੰਦਰਲੇ ਪਾਸੇ ਖਲੋ ਜਾਵੋ। ਕੱਪ ਬੋਰਡ, ਹਾਰਡ ਬੈਡ ਟੇਬਲ ਥੱਲੇ ਲੁਕ ਜਾਵੋ, ਜੇਕਰ ਕਮਰੇ ਵਿੱਚ ਥਾਂ ਨਹੀਂ ਹੈ ਤਾਂ ਮਕਾਨ ਦੀਆਂ ਪੌੜੀਆਂ ਥੱਲੇ ਖਾਲੀ ਥਾਂ ਵਿੱਚ ਲੁਕ ਜਾਵੋ।
ਉਹਨਾਂ ਨੇ ਕਿਹਾ ਕਿ ਕਿਸੇ ਵੀ ਅਪਾਤ ਸਥਿਤੀ ਵਿੱਚ ਐਮਰਜੈਂਸੀ ਨੰਬਰ 112 ਹਮੇਸ਼ਾ ਯਾਦ ਰੱਖੋ । ਇਸੇ ਤਰ੍ਹਾਂ ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਕਿਸੇ ਵੀ ਖਤਰੇ ਸਮੇਂ ਵਾਹਨ ਨੂੰ ਸੜਕ ਤੋਂ ਖੱਬੇ ਹੱਥ ਸੁਰੱਖਿਤ ਰੋਕ ਕੇ ਗੱਡੀ ਤੋਂ ਥੱਲੇ ਆ ਕੇ ਜਿਵੇਂ ਖੁੱਲੇ ਮੈਦਾਨ ਵਿੱਚ ਕਰਨ ਵਾਲੀਆਂ ਸਾਵਧਾਨੀਆਂ ਦੱਸੀਆਂ ਹਨ ਉਹ ਸਾਵਧਾਨੀਆਂ ਕੀਤੀਆਂ ਜਾਣ।
ਇਹ ਸਲਾਹ ਸਿਰਫ ਸਿਵਲ ਡਿਫੈਂਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹੈ ਅਤੇ ਲੋਕ ਕਿਸੇ ਪ੍ਰਕਾਰ ਦੀ ਘਬਰਾਹਟ ਵਿੱਚ ਨਾ ਆਉਣ।